ਅੰਮ੍ਰਿਤਸਰ, 17 ਨਵੰਬਰ (ਪੋਸਟ ਬਿਊਰੋ): ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਦੇਰ ਰਾਤ ਯਾਤਰੀਆਂ ਨੇ ਹੰਗਾਮਾ ਕੀਤਾ। ਦਰਅਸਲ, ਫਲਾਈਟ ਆਈ ਐਕਸ-191 ਅੱਧੀ ਰਾਤ 12 ਵਜੇ ਰੱਦ ਕਰ ਦਿੱਤੀ ਗਈ ਸੀ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਸੀ।
ਇਸ ਫਲਾਈਟ 'ਚ ਯਾਤਰੀ ਕਰੀਬ 6 ਘੰਟੇ ਤੱਕ ਟੇਕ ਆਫ ਦੀ ਉਡੀਕ 'ਚ ਬੈਠੇ ਰਹੇ। ਫਲਾਈਟ ਕੈਂਸਲ ਹੋਣ ਦੀ ਸੂਚਨਾ ਮਿਲਦੇ ਹੀ ਯਾਤਰੀ ਭੜਕ ਉੱਠੇ। ਏਅਰਲਾਈਨ ਕੋਲ ਮੁਆਫੀ ਮੰਗਣ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ। ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੰਬਰ ਆਈ ਐਕਸ-191 ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਨ ਭਰਨੀ ਸੀ।
ਯਾਤਰੀ ਸਮੇਂ 'ਤੇ ਹਵਾਈ ਅੱਡੇ 'ਤੇ ਪਹੁੰਚ ਗਏ ਅਤੇ ਆਪਣਾ ਚੈੱਕ-ਇਨ ਵੀ ਕਰਵਾਇਆ। ਯਾਤਰੀਆਂ ਨੂੰ ਕਰੀਬ ਇਕ ਘੰਟਾ ਪਹਿਲਾਂ ਭਾਵ ਸ਼ਾਮ 6 ਵਜੇ ਦੇ ਕਰੀਬ ਫਲਾਈਟ 'ਚ ਸਵਾਰ ਕੀਤਾ ਗਿਆ ਤਾਂ ਕਿ ਜਹਾਜ਼ ਸਮੇਂ 'ਤੇ ਟੇਕ ਆਫ ਕਰ ਸਕੇ ਪਰ ਜਹਾਜ਼ ਨੇ ਟੇਕ ਆਫ ਨਹੀਂ ਕੀਤਾ।
ਮਿਲਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਫਲਾਈਟ 'ਚ ਪਾਣੀ ਦੇਣ ਵਾਲਾ ਕੋਈ ਨਹੀਂ ਸੀ। ਤਿੰਨ ਘੰਟੇ ਬਾਅਦ ਯਾਤਰੀਆਂ ਦਾ ਸਬਰ ਟੁੱਟਣ ਲੱਗਾ। 9 ਵਜੇ ਯਾਤਰੀਆਂ ਨੇ ਫਲਾਈਟ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਪਰ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਜਲਦੀ ਹੀ ਉਡਾਨ ਭਰੇਗੀ। ਇਨਾ ਹੀ ਨਹੀਂ ਜਦੋਂ ਫਲਾਈਟ 'ਚ ਚਾਲਕ ਦਲ ਦਾ ਸਮਾਂ ਖਤਮ ਹੋ ਗਿਆ ਤਾਂ ਉਨ੍ਹਾਂ ਨੂੰ ਵੀ ਬਦਲ ਦਿੱਤਾ ਗਿਆ ਪਰ ਯਾਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ।
ਏਅਰਲਾਈਨਜ਼ ਨੇ ਹਾਲੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਇਹ ਉਡਾਣ ਕਿਉਂ ਰੱਦ ਕੀਤੀ ਗਈ ਸੀ। ਇਸ ਦੇ ਨਾਲ ਹੀ ਯਾਤਰੀਆਂ ਨੇ ਏਅਰਲਾਈਨਜ਼ 'ਤੇ ਆਪਣਾ ਗੁੱਸਾ ਕੱਢਿਆ ਕਿ ਜੇਕਰ ਫਲਾਈਟ ਨੂੰ ਰੱਦ ਕਰਨਾ ਹੀ ਸੀ ਤਾਂ ਉਨ੍ਹਾਂ ਨੂੰ ਇਨਾ ਸਮਾਂ ਜਹਾਜ਼ 'ਚ ਕਿਉਂ ਬੈਠਾਇਆ ਗਿਆ।