ਨਵੀਂ ਦਿੱਲੀ, 17 ਸਤੰਬਰ (ਪੋਸਟ ਬਿਊਰੋ): ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ 2024 ਦੇ ਫਾਈਨਲ ਦੇ ਚੌਥੇ ਕੁਆਰਟਰ ਵਿੱਚ ਜੁਗਰਾਜ ਸਿੰਘ ਦੇ ਗੋਲ ਦੀ ਬਦੌਲਤ ਭਾਰਤ ਚੀਨ ਨੂੰ 1-0 ਨਾਲ ਹਰਾ ਕੇ ਰਿਕਾਰਡ ਪੰਜਵੀਂ ਵਾਰ ਚੈਂਪੀਅਨ ਬਣ ਗਿਆ ਹੈ। ਮੌਜੂਦਾ ਚੈਂਪੀਅਨ ਭਾਰਤ ਦੀ ਨਜ਼ਰ ਰਿਕਾਰਡ ਪੰਜਵੇਂ ਖਿਤਾਬ 'ਤੇ ਸੀ ਅਤੇ ਹੁਣ ਇਹ ਸੁਪਨਾ ਪੂਰਾ ਹੋ ਗਿਆ ਹੈ। ਭਾਰਤ ਹੁਣ ਤੱਕ ਟੂਰਨਾਮੈਂਟ ਦੀ ਸਰਵੋਤਮ ਟੀਮ ਰਹੀ ਹੈ, ਜਿਸ ਨੇ 26 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਖਾਧੇ। ਭਾਰਤ ਨੇ ਸੈਮੀਫਾਈਨਲ 'ਚ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਕਪਤਾਨ ਹਰਮਨਪ੍ਰੀਤ ਸਿੰਘ ਵੀ ਟਾਪ ਸਕੋਰਰ ਦੀ ਸੂਚੀ ਵਿੱਚ ਸ਼ਾਮਲ ਹੋਣ ਦੀ ਕੋਸਿ਼ਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ ਕੁੱਲ ਸੱਤ ਗੋਲ ਕੀਤੇ।
ਭਾਰਤ ਅਤੇ ਚੀਨ ਵਿਚਾਲੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਹਿਲੇ ਕੁਆਰਟਰ ਦਾ ਖੇਡ ਬਰਾਬਰ ਰਿਹਾ। ਪਹਿਲੇ ਕੁਆਰਟਰ 'ਚ ਭਾਰਤੀ ਖਿਡਾਰੀਆਂ ਨੇ ਕਈ ਮੌਕੇ ਬਣਾਏ ਪਰ ਚੀਨ ਦੇ ਡਿਫੈਂਡਰਾਂ ਅਤੇ ਗੋਲਕੀਪਰਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਗੋਲ 'ਚ ਤਬਦੀਲ ਨਹੀਂ ਹੋਣ ਦਿੱਤਾ। ਅਭਿਸ਼ੇਕ ਸਿੰਘ ਨੇ 8ਵੇਂ ਮਿੰਟ 'ਚ ਗੋਲ 'ਤੇ ਸਿੱਧਾ ਸ਼ਾਟ ਮਾਰਿਆ। ਇੱਥੇ ਚੀਨ ਲੇ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ।
ਦੂਜੇ ਅਤੇ ਤੀਜੇ ਕੁਆਰਟਰ ਵਿੱਚ ਸਕੋਰ 0-0 ਰਿਹਾ, ਦੂਜੇ ਅਤੇ ਤੀਜੇ ਕੁਆਰਟਰ ਵਿੱਚ ਭਾਰਤ ਅਤੇ ਚੀਨ ਇੱਕ ਵੀ ਗੋਲ ਨਹੀਂ ਕਰ ਸਕੇ। ਦੂਜੇ ਕੁਆਰਟਰ ਵਿੱਚ ਚੀਨ ਦੀ ਟੀਮ ਨੇ ਭਾਰਤ ਨੂੰ ਸਖ਼ਤ ਮੁਕਾਬਲਾ ਦਿੱਤਾ। ਭਾਰਤੀ ਟੀਮ ਨੂੰ ਇਸ ਕੁਆਰਟਰ ਵਿੱਚ ਬਹੁਤ ਘੱਟ ਮੌਕੇ ਮਿਲੇ, ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਚੀਨ ਦੇ ਡਿਫੈਂਡਰਾਂ ਨੇ ਭਾਰਤੀ ਹਮਲੇ ਦਾ ਜ਼ੋਰਦਾਰ ਸਾਹਮਣਾ ਕੀਤਾ ਹੈ। ਇਸ ਤੋਂ ਬਾਅਦ ਤੀਜਾ ਕੁਆਰਟਰ ਵੀ ਗੋਲ ਰਹਿਤ ਰਿਹਾ।
ਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੇ ਚੌਥੇ ਕੁਆਰਟਰ ਵਿੱਚ ਪਹਿਲਾ ਗੋਲ ਕਰਕੇ ਚੀਨ ’ਤੇ 1-0 ਦੀ ਬੜ੍ਹਤ ਬਣਾ ਲਈ। ਭਾਰਤ ਲਈ ਇਹ ਗੋਲ ਚੌਥੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਕੀਤਾ।