ਲੁਧਿਆਣਾ, 11 ਸਤੰਬਰ (ਗਿਆਨ ਸਿੰਘ): ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ।
ਡਾ. ਗਿੱਲ ਇਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਨਾਮਵਰ ਖੋਜਕਾਰ ਵਜੋਂ 34 ਸਾਲ ਤੋਂ ਵਧੇਰੇ ਸਮੇਂ ਤੋਂ ਵੈਟਨਰੀ ਸਿੱਖਿਆ, ਖੋਜ ਅਤੇ ਅਕਾਦਮਿਕ ਪ੍ਰਸ਼ਾਸਨ ਵਿਚ ਯੋਗਦਾਨ ਦੇ ਰਹੇ ਹਨ।ਉਨ੍ਹਾਂ ਦੇ 16 ਸਾਲ ਦੇ ਪ੍ਰਸ਼ਾਸਕੀ ਤਜਰਬੇ ਵਿਚ 09 ਸਾਲ ਨਿਰਦੇਸ਼ਕ ਖੋਜ, ਖੋਜ ਸੰਯੋਜਕ ਅਤੇ ਹੋਰ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਰਹੇ ਹਨ। ਚਾਰ ਸਾਲ ਉਨ੍ਹਾਂ ਨੇ ਸਕੂਲ ਆਫ ਪਬਲਿਕ ਹੈਲਥ ਦੇ ਨਿਰਦੇਸ਼ਕ ਅਤੇ ਦੋ ਸਾਲ ਵਿਭਾਗ ਮੁਖੀ ਵਜੋਂ ਸੇਵਾ ਦਿੱਤੀ। ਉਹ ਕੈਨੇਡਾ ਦੀ ਯੂਨੀਵਰਸਿਟੀ ਆਫ ਸਸਕੈਚਵਨ ਵਿਖੇ ਅਡਜੰਕਟ ਪੌ੍ਰਫੈਸਰ ਦੇ ਤੌਰ ’ਤੇ ਵੀ ਸੇਵਾ ਦੇ ਚੁੱਕੇ ਹਨ।
ਡਾ. ਗਿੱਲ ਨੇ ਖੋਜ ਦੇ ਖੇਤਰ ਵਿਚ 140 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਪ੍ਰਾਜੈਕਟਾਂ ਰਾਹੀਂ 150 ਕਰੋੜ ਰੁ: ਤੋਂ ਵਧੇਰੇ ਵਿਤੀ ਯੋਗਦਾਨ ਪ੍ਰਾਪਤ ਕੀਤਾ ਹੈ। ਇਸੇ ਉਪਰਾਲੇ ਵਿਚ 48 ਰਾਸ਼ਟਰੀ ਅਤੇ 12 ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਜਿਨ੍ਹਾਂ ਵਿਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਥਾਈਲੈਂਡ ਅਤੇ ਬਰਾਜ਼ੀਲ ਮੁਲਕਾਂ ਦੀਆਂ ਸੰਸਥਾਵਾਂ ਸ਼ਾਮਿਲ ਹਨ, ਨਾਲ ਸਹਿਯੋਗ ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ 40 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਅਕਤੀਗਤ ਖੋਜ ਪ੍ਰਾਜੈਕਟਾਂ ਰਾਹੀਂ ਉਨ੍ਹਾਂ ਨੇ 50 ਕਰੋੜ ਵਿਤੀ ਯੋਗਦਾਨ ਹਾਸਿਲ ਕੀਤਾ ਹੈ।
ਮੁੱਖ ਮੰਤਰੀ ਪੰਜਾਬ ਵਲੋਂ ਡੇਅਰੀ ਖੇਤਰ ਦੇ ਵਿਕਾਸ ਲਈ ਸਥਾਪਿਤ ਕੀਤੀ ਉਚ ਪੱਧਰੀ ਕਮੇਟੀ ਵਿਚ ਉਹ ਮੈਂਬਰ ਰਹੇ। ਖੇਤੀ ਵਿਭਿੰਨਤਾ ਲਈ ਮਾਹਿਰ ਕਮੇਟੀ, ਰਾਜ ਕਿਸਾਨ ਨੀਤੀ ਵਿਚ ਪਸ਼ੂਧਨ ਉਤਪਾਦਨ ਦੀ ਭੂਮਿਕਾ ਅਤੇ ਹੋਰ ਕਈ ਉੱਘੀਆਂ ਕਮੇਟੀਆਂ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਰਹੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀ ਸੰਗਠਨ ਅਤੇ ਵਿਸ਼ਵ ਸਿਹਤ ਸੰਸਥਾ ਵਿਚ ਮਾਹਿਰ ਮੈਂਬਰ ਵਜੋਂ ਸੇਵਾ ਦਿੱਤੀ। ਰਾਸ਼ਟਰੀ ਪੱਧਰ ’ਤੇ ਉਹ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ, ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ, ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਦੇ ਮਾਹਿਰ ਵਜੋਂ ਸੇਵਾ ਦੇ ਚੁੱਕੇ ਹਨ।
ਡਾ. ਗਿੱਲ ਨੂੰ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਵੱਕਾਰੀ ਸਨਮਾਨ ਅਤੇ ਪ੍ਰਸੰਸਾ ਮਿਲ ਚੁੱਕੀ ਹੈ।
ਡਾ. ਗਿੱਲ ਨੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਅਧਿਆਪਕਾਂ ਅਤੇ ਕਰਮਚਾਰੀ ਸਾਥੀਆਂ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਉਨ੍ਹਾਂ ਦਾ ਪੂਰਾ ਯੋਗਦਾਨ ਚਾਹੁਣਗੇ। ਉਨ੍ਹਾਂ ਨੇ ਸੰਬੰਧਿਤ ਮਹਿਕਮਿਆਂ ਅਤੇ ਵਿਭਾਗਾਂ ਕੋਲੋਂ ਵੀ ਪੂਰਨ ਸਹਿਯੋਗ ਦੀ ਆਸ ਪ੍ਰਗਟਾਈ। ਇਸ ਮੀਟਿੰਗ ਦੌਰਾਨ ਭੂਤਪੂਰਵ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਬਹੁਤ ਮਿਹਨਤੀ ਅਤੇ ਗਤੀਸ਼ੀਲ ਹਨ ਅਤੇ ਉਹ ਪਸ਼ੂਧਨ ਦੀ ਭਲਾਈ ਲਈ ਸਦਾ ਅੱਗੇ ਵੱਧ ਕੇ ਕੰਮ ਕਰਦੇ ਹਨ।