ਚੰਡੀਗੜ੍ਹ, 10 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਇਸ ਸਬੰਧੀ ਚੰਡੀਗੜ੍ਹ ਵਿਖੇ ਅਕਾਲੀ ਦਲ ਵਰਕਿੰਗ ਕਮੇਟੀ ਦੀ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਕੀਤੀ ਗਈ।
ਇਹ ਫੈਸਲਾ ਪੰਜਾਬ ਦੀ ਰਾਜਨੀਤੀ `ਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਦਿੰਦਾ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨਵੀਂ ਲੀਡਰਸ਼ਿਪ ਦੀ ਲੋੜ ਮਹਿਸੂਸ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ‘ਚ ਅੰਦਰੂਨੀ ਅਸੰਤੋਸ਼ ਹੋ ਸਕਦਾ ਹੈ ਜਾਂ ਰਣਨੀਤਕ ਤਬਦੀਲੀ ਦੀ ਜ਼ਰੂਰਤ ਹੋ ਸਕਦੀ ਹੈ।
ਅਜਿਹੀ ਸਥਿਤੀ `ਚ ਪਾਰਟੀ ਦੇ ਅੰਦਰ ਨਵੀਂ ਲੀਡਰਸਿ਼ਪ ਦੀ ਚੋਣ ਕਰਨਾ ਅਤੇ ਪਾਰਟੀ ਦੀ ਦਿਸ਼ਾ ਤੈਅ ਕਰਨਾ ਇੱਕ ਚੁਣੌਤੀਪੂਰਨ ਕੰਮ ਹੋ ਸਕਦਾ ਹੈ, ਖਾਸ ਕਰਕੇ ਜਦੋਂ ਪਾਰਟੀ ਰਾਜਨੀਤਿਕ ਸੰਕਟ ‘ਚੋਂ ਗੁਜ਼ਰ ਰਹੀ ਹੋਵੇ।
ਵਰਕਿੰਗ ਕਮੇਟੀ ਨੇ 20 ਜਨਵਰੀ ਨੂੰ ਨਵੀਂ ਮੈਂਬਰਸਿ਼ਪ ਮੁਹਿੰਮ ਸ਼ੁਰੂ ਕਰਨ ਅਤੇ 1 ਮਾਰਚ ਨੂੰ ਨਵੇਂ ਪ੍ਰਧਾਨ ਦੇ ਅਹੁਦੇ ਲਈ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ।
ਜਿ਼ਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਹੋਈ ਸੀ। ਇਸ ਤੋਂ ਬਾਅਦ ਪਾਰਟੀ ਦੇ 20 ਪ੍ਰਧਾਨ ਚੁਣੇ ਗਏ ਹਨ। ਹਾਲਾਂਕਿ 1995 `ਚ ਮਰਹੂਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ 2008 ਤੱਕ ਇਸ ਅਹੁਦੇ `ਤੇ ਰਹੇ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਸੀ । 16 ਨਵੰਬਰ, 2024 ਨੂੰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ।