-ਪਰੇਡ ਗਰਾਊਂਡ ਵਿਖੇ 13 ਸਤੰਬਰ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਇੰਸ-ਆਊਟ
ਚੰਡੀਗੜ੍ਹ, 10 ਸਤੰਬਰ (ਪੋਸਟ ਬਿਊਰੋ): ਇਮਾਰਤ ਉਸਾਰੀ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਬਦਲਾਵਾਂ ਬਾਰੇ ਸਿਟੀ ਬਿਊਟੀਫੁੱਲ ਦੇ ਵਸਨੀਕਾਂ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ, ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਫਾਇਰ ਐਂਡ ਸਕਿਉਰਿਟੀ ਐਸੋਸੀਏਸ਼ਨ ਆਫ਼ ਇੰਡੀਆ, ਐਮ.ਐਸ.ਐਮ.ਈ. ਮੰਤਰਾਲੇ, ਯੂ.ਐੱਚ.ਬੀ.ਵੀ.ਐੱਨ., ਡੀ.ਐਚ.ਬੀ.ਵੀ.ਐਨ, ਸਟਾਰਟਅੱਪ ਪੰਜਾਬ, ਨੈੱਟਵਰਕ ਆਫ ਪੀਪਲ ਫਾਰ ਕੰਸਟ੍ਰਕਸ਼ਨ ਐਂਡ ਇੰਡਸਟ੍ਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਕਟਰ-17 ਦੇ ਪਰੇਡ ਗਰਾਊਂਡ ਵਿਖੇ ਦਸਵਾਂ ਚਾਰ ਰੋਜ਼ਾ ਇੰਸ ਐਂਡ ਆਉਟ 13 ਸਤੰਬਰ ਤੋਂ ਆਯੋਜਿਤ ਕੀਤਾ ਰਿਹਾ ਹੈ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਸਤੰਬਰ ਤੱਕ ਚੱਲਣ ਵਾਲੇ ਇੰਸ-ਆਊਟ ’ਚ ਆਯੋਜਿਤ ਪ੍ਰਦਰਸ਼ਨੀ ਵਿਚ ਇਮਾਰਤ ਉਸਾਰੀ ਵਿਚ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਲਈ ਸੌ ਤੋਂ ਵੱਧ ਸਟਾਲ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਚਾਰ ਰੋਜ਼ਾ ਇੰਸ ਐਂਡ ਆਊਟ ਦਾ ਉਦਘਾਟਨ ਕਰਨਗੇ। ਉਦਘਾਟਨੀ ਸਮਾਰੋਹ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਅਤੇ ਕ੍ਰੇਸਟ ਦੇ ਸਕੱਤਰ ਆਈ.ਐਫ.ਐਸ. ਟੀ.ਸੀ. ਨੌਟਿਆਲ ਆਪਣਾ ਬਿਆਨ ਦੇਣਗੇ। ਉਦਘਾਟਨੀ ਸਮਾਰੋਹ ਵਿੱਚ ਪੀਐਚਡੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਅਤੇ ਕੋ-ਚੇਅਰ ਸੁਵਰਤ ਖੰਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ।
ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਰੀਜਨਲ ਐਨਰਜੀ ਟ੍ਰਾਜ਼ਿਸ਼ਨ ਐਂਡ ਸਸਟੇਨਬਿਲਟੀ ਕਨਕਲੇਵ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਹਰਿਆਣਾ ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ.ਕੇ.ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਹਰੇੜਾ, ਉੱਤਰੀ ਹਰਿਆਣਾ ਅਤੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਇਸੇ ਸੈਸ਼ਨ ਦੇ ਅਗਲੇ ਹਿੱਸੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜਨੀਅਰ ਸੀ.ਬੀ.ਓਝਾ ਅਤੇ ਕ੍ਰੈਸਟ ਸੀ.ਈ.ਓ.ਆਈ.ਐਫ.ਐਸ. ਨਵਨੀਤ ਕੁਮਾਰ ਤੋਂ ਇਲਾਵਾ ਸਾਇੰਸ ਅਤੇ ਤਕਨਾਲੋਜੀ ਵਿਭਾਗ, ਚੰਡੀਗੜ੍ਹ ਦੇ ਸਕੱਤਰ ਟੀ.ਸੀ. ਨੌਟਿਆਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੰਦਰਭ ਵਿੱਚ 14 ਸਤੰਬਰ ਨੂੰ ਹੋਣ ਵਾਲੀ ਕਾਨਫਰੰਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਪੇਡਾ ਦੇ ਮੁੱਖ ਕਾਰਜਕਾਰੀ ਸੰਦੀਪ ਹੰਸ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਸਕੱਤਰ ਰਵੀ ਭਗਤ ਵੀ ਮੌਜੂਦ ਰਹਿਣਗੇ। ਇਸੇ ਦਿਨ ਇੰਡੀਅਨ ਫਾਇਰ ਐਂਡ ਸਕਿਉਰਿਟੀ ਅਤੇ ਜਲਵਾਯੂ ਅੱਗ, ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਾਰ ਦਿਨਾਂ ਤੱਕ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਵੱਖ-ਵੱਖ ਵਿਸਿ਼ਆਂ 'ਤੇ ਸੈਮੀਨਾਰ ਦੌਰਾਨ ਸ਼ਹਿਰ ਵਾਸੀਆਂ ਨੂੰ ਆਧੁਨਿਕ ਇਮਾਰਤ ਉਸਾਰੀ ਤਕਨੀਕ, ਫਾਇਰ ਸੇਫਟੀ, ਸੁਰੱਖਿਆ, ਰੀਅਲ ਅਸਟੇਟ, ਫਰਨੀਸ਼ਿੰਗ, ਡੈਕੋਰੇਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਟ੍ਰਾਈਸਿਟੀ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ।
ਪੀ.ਐਚ.ਡੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਅਤੇ ਕੋ-ਚੇਅਰ ਸੁਵਰਤ ਖੰਨਾ ਨੇ ਦੱਸਿਆ ਕਿ ਆਰਕੀਟੈਕਚਰ ਦੇ ਖੇਤਰ ਵਿੱਚ ਚੰਡੀਗੜ੍ਹ ਦੀ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਹੈ। ਇਸ ਮੰਤਵ ਨਾਲ, ਚੈਂਬਰ ਪਿਛਲੇ ਨੌਂ ਸਾਲਾਂ ਤੋਂ ਇਸ ਸਮਾਗਮ ਦਾ ਆਯੋਜਨ ਕਰਕੇ ਹਜ਼ਾਰਾਂ ਲੋਕਾਂ ਨੂੰ ਆਧੁਨਿਕ ਤਕਨੀਕ ਅਤੇ ਇਮਾਰਤ ਨਿਰਮਾਣ ਦੇ ਖੇਤਰ ਵਿੱਚ ਹੋ ਰਹੀਆਂ ਖੋਜਾਂ ਬਾਰੇ ਜਾਣੂ ਕਰਵਾ ਰਿਹਾ ਹੈ।