ਸ੍ਰੀਨਗਰ, 9 ਸਤੰਬਰ (ਪੋਸਟ ਬਿਊਰੋ): ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਖਿਲਾਫ ਲਗਾਤਾਰ ਮੁਹਿੰਮ ਦੌਰਾਨ ਇੱਕ ਤਾਜ਼ੇ ਮਾਮਲੇ ਵਿਚ ਨੌਸ਼ਹਿਰਾ ਦੇ ਇਲਾਕੇ ਵਿਚ ਘੁਸਪੈਠ ਦੀ ਕੋਸਿ਼ਸ਼ ਕਰ ਰਹੇ ਦੋ ਅਤਿਵਾਦੀ ਮਾਰੇ ਗਏ ਹਨ।
ਵ੍ਹਾਈਟ ਨਾਈਟ ਕੋਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਘੁਸਪੈਠ ਦੀ ਸੰਭਾਵਿਤ ਕੋਸਿ਼ਸ਼ ਬਾਰੇ ਖੁਫੀਆ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ, ਨੌਸ਼ਹਿਰਾ ਦੇ ਲਾਮ ਦੇ ਆਮ ਖੇਤਰ ਵਿਚ 8 ਸਤੰਬਰ ਦੀ ਅੱਧੀ ਰਾਤ ਨੂੰ ਭਾਰਤੀ ਫੌਜ ਦੁਆਰਾ ਘੁਸਪੈਠ ਵਿਰੋਧੀ ਮੁਹਿੰਮ ਚਲਾਈ ਗਈ ਸੀ।
2 ਅਤਿਵਾਦੀ ਮਾਰੇ ਗਏ ਹਨ ਅਤੇ ਵੱਡੀ ਮਾਤਰਾ 'ਚ ਹਥਿਆਰਾਂ ਦੀ ਬਰਾਮਦੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ 2 ਸਤੰਬਰ ਨੂੰ ਵੀ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਦੌਰਾਨ ਜੰਮੂ-ਕਸ਼ਮੀਰ ਦੇ ਸੁੰਜਵਾਂ ਮਿਲਟਰੀ ਸਟੇਸ਼ਨ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ।