ਨਵੀਂ ਦਿੱਲੀ, 9 ਸਤੰਬਰ (ਪੋਸਟ ਬਿਊਰੋ): ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਇੱਕ ਬਾਈਕ ਸਵਾਰ ਕੋਲੋਂ 499 ਜਿ਼ੰਦਾ ਕਾਰਤੂਸ ਬਰਾਮਦ ਹੋਏ ਹਨ। ਦਿੱਲੀ ਪੁਲਿਸ ਨੇ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਜਿਵੇਂ ਹੀ ਬਾਈਕ ਸਵਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਉਹ ਬਾਈਕ ਨੂੰ ਮੌਕੇ 'ਤੇ ਹੀ ਛੱਡ ਕੇ ਭੱਜ ਗਿਆ।
ਦਿੱਲੀ ਪੁਲਿਸ ਨੇ ਮੋਤੀ ਨਗਰ ਰੈੱਡ ਲਾਈਟ 'ਤੇ ਰੂਟੀਨ ਡਿਊਟੀ ਦੌਰਾਨ ਬਾਈਕ ਸਵਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਬਾਈਕ ਸਵਾਰ ਬਾਈਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਟ੍ਰੈਫਿਕ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਦਿੱਤੀ।
ਮੋਤੀ ਨਗਰ ਪੁਲਿਸ ਨੇ ਜਦੋਂ ਬਾਈਕ 'ਤੇ ਰੱਖੇ ਬੈਗ ਨੂੰ ਖੋਲ੍ਹਿਆ ਤਾਂ ਉਸ 'ਚ 499 ਜਿ਼ੰਦਾ ਕਾਰਤੂਸ ਸਨ। ਜਾਂਚ ਕਰਨ 'ਤੇ ਮੋਟਰਸਾਈਕਲ ਵੀ ਚੋਰੀ ਦਾ ਪਾਇਆ ਗਿਆ।
ਜਿ਼ਕਰਯੋਗ ਹੇ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਇੱਕ ਕਲੱਬ ਦੇ ਬਾਹਰ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਸੀ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸ਼ੂਟਰਾਂ ਨੇ ਕਲੱਬ 'ਤੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਸਨ।