ਨਵੀਂ ਦਿੱਲੀ, 6 ਸਤੰਬਰ (ਪੋਸਟ ਬਿਊਰੋ): ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਕਾਂਗਰਸ ਦਾ ਹੱਥ ਫੜ੍ਹ ਲਿਆ। ਪਾਰਟੀ ਨੇ ਕਿਹਾ ਕਿ ਕੇਂਦਰੀ ਚੋਣ ਕਮੇਟੀ ਤੈਅ ਕਰੇਗੀ ਕਿ ਦੋਵੇਂ ਪਹਿਲਵਾਨ ਕਿੱਥੋਂ ਚੋਣ ਲੜਨਗੇ। ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਦੋਵੇਂ ਪਹਿਲਵਾਨ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ, ਪਾਰਟੀ ਦੇ ਹਰਿਆਣਾ ਇੰਚਾਰਜ ਦੀਪਕ ਬਾਰੀਆ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੂਰਜ ਭਾਨ, ਬੁਲਾਰੇ ਪਵਨ ਖੇੜਾ ਅਤੇ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ।
ਪ੍ਰੈਸ ਕਾਨਫਰੰਸ ਦੌਰਾਨ, ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਸ ਕਦਮ ਪਿੱਛੇ ਕਿਸੇ ਵੀ "ਸਾਜਿ਼ਸ਼" ਦੇ ਦੋਸ਼ਾਂ ਦਾ ਖੰਡਨ ਕੀਤਾ। ਇਸ ਤੋਂ ਇਲਾਵਾ ਇਸ ਨੇ ਓਲੰਪੀਅਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਣ ਲਈ ਰੇਲਵੇ 'ਤੇ ਨਿਸ਼ਾਨਾ ਸਾਧਿਆ। ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ੁੱਕਰਵਾਰ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਰੇਲਵੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਬਜਰੰਗ ਪੂਨੀਆ ਨੇ ਵੀ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।
ਫੋਗਾਟ ਅਤੇ ਪੂਨੀਆ ਦਿੱਲੀ ਵਿੱਚ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋਏ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਵੇਣੂਗੋਪਾਲ ਨੇ ਖੁਲਾਸਾ ਕੀਤਾ ਕਿ ਰੇਲਵੇ ਨੇ ਇਸ ਮੁਲਾਕਾਤ ਨੂੰ ਲੈ ਕੇ ਪੂਨੀਆ ਅਤੇ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਕੇਸੀ ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰੇਲਵੇ ਨੇ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਨੋਟਿਸ ਵਿੱਚ ਸਿਆਸੀ ਆਗੂਆਂ ਨਾਲ ਮੁਲਾਕਾਤ ਕਰਕੇ ਸੇਵਾ ਨਿਯਮਾਂ ਦੀ ਉਲੰਘਣਾ ਦੀ ਗੱਲ ਕੀਤੀ ਗਈ ਹੈ। ਵੇਣੂਗੋਪਾਲ ਨੇ ਪੁੱਛਿਆ ਕਿ ਕੀ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਾ ਗੁਨਾਹ ਹੈ? ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਫੋਗਾਟ ਕਾਰਜਮੁਕਤ ਕਰਨ ਅਤੇ ‘ਸਿਆਸਤ ਨਾ ਕਰਨ’।