ਨਵੀਂ ਦਿੱਲੀ, 28 ਅਗਸਤ (ਪੋਸਟ ਬਿਊਰੋ): ਭਾਰਤ ਨੇ ਅਮਰੀਕਾ ਤੋਂ 73,000 ਸਿਗ ਸਾ ਅਸਾਲਟ ਰਾਈਫਲਾਂ ਦਾ ਦੂਜਾ ਆਰਡਰ ਦਿੱਤਾ ਹੈ। ਸਿਗ ਸਾ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਇਹ ਡੀਲ 837 ਕਰੋੜ ਰੁਪਏ ਵਿੱਚ ਸਾਈਨ ਕੀਤੀ ਹੈ।
ਇਸ ਤੋਂ ਪਹਿਲਾਂ ਫਰਵਰੀ 2019 ਵਿੱਚ, ਫਾਸਟ-ਟ੍ਰੈਕ ਖਰੀਦ ਤਹਿਤ, ਭਾਰਤ ਨੇ 647 ਕਰੋੜ ਰੁਪਏ ਵਿੱਚ 72,400 SiG-716 ਰਾਈਫਲਾਂ ਦਾ ਆਰਡਰ ਦਿੱਤਾ ਸੀ।
ਰਾਈਫਲਾਂ ਦੀ ਦੂਜੀ ਖਰੀਦ ਨੂੰ ਦਸੰਬਰ 2023 ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਏਕਵਿਜੀਸ਼ਨ ਕਾਉਂਸਲ (ਡੀਏਸੀ) ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਦੀ ਡਿਲੀਵਰੀ ਤੋਂ ਬਾਅਦ, ਭਾਰਤੀ ਫੌਜ ਕੋਲ 1.45 ਲੱਖ ਤੋਂ ਵੱਧ SiG-716 ਅਸਾਲਟ ਰਾਈਫਲਾਂ ਹੋਣਗੀਆਂ।
ਭਾਰਤ ਨੇ 2018-19 'ਚ ਰਾਈਫਲਾਂ ਦੀ ਵਧਦੀ ਲੋੜ ਨੂੰ ਦੇਖਦਿਆਂ ਰੂਸ ਤੋਂ ਏਕੇ-203 ਰਾਈਫਲਾਂ ਮੰਗਵਾਈਆਂ ਸਨ, ਪਰ ਇਨ੍ਹਾਂ ਨੂੰ ਮਿਲਣ 'ਚ ਦੇਰੀ ਕਾਰਨ ਭਾਰਤ ਨੇ ਫਰਵਰੀ 2019 'ਚ ਅਮਰੀਕੀ ਫਰਮ ਸਿਗ ਸਾ ਨਾਲ ਸੌਦਾ ਕੀਤਾ ਸੀ। ਪਹਿਲੇ ਲਾਟ ਵਿੱਚ ਆਈਆਂ 72,400 ਰਾਈਫਲਾਂ ਵਿੱਚੋਂ 66,400 ਰਾਈਫਲਾਂ ਫੌਜ ਨੂੰ, 4,000 ਹਵਾਈ ਸੈਨਾ ਅਤੇ 2,000 ਜਲ ਸੈਨਾ ਨੂੰ ਦਿੱਤੀਆਂ ਗਈਆਂ। ਇਹ ਹੌਲੀ-ਹੌਲੀ ਇੰਸਾਸ ਰਾਈਫਲ ਦੀ ਥਾਂ ਲੈਣਗੀਆਂ।