ਰਤਨਾਗਿਰੀ, 27 ਅਗਸਤ (ਪੋਸਟ ਬਿਊਰੋ): ਕੋਲਕਾਤਾ 'ਚ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਕਾਲਜ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਟੋ ਚਾਲਕ ਨੇ ਪੀੜਤਾ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਜੰਗਲ ਵਿੱਚ ਲਿਜਾਕੇ ਉਸ ਨਾਲ ਬਲਾਤਕਾਰ ਕੀਤਾ। ਇਹ ਘਟਨਾ ਸੋਮਵਾਰ, 26 ਅਗਸਤ ਦੀ ਹੈ।
ਪੀੜਤਾ ਦੀ ਉਮਰ 19 ਸਾਲ ਹੈ। ਹੋਸ਼ ਆਉਣ ਤੋਂ ਬਾਅਦ ਉਸ ਨੇ ਆਪਣੀ ਭੈਣ ਨੂੰ ਫੋਨ ਕਰਕੇ ਘਟਨਾ ਬਾਰੇ ਦੱਸਿਆ। ਘਟਨਾ ਦਾ ਪਤਾ ਲੱਗਦੇ ਹੀ ਰਤਨਾਗਿਰੀ 'ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਐੱਸਪੀ ਜੈਸ਼੍ਰੀ ਗਾਇਕਵਾੜ ਨੇ ਹਸਪਤਾਲ 'ਚ ਪੀੜਤਾ ਤੋਂ ਘਟਨਾ ਦੀ ਜਾਣਕਾਰੀ ਲਈ ਅਤੇ ਮਾਮਲਾ ਦਰਜ ਕਰ ਲਿਆ। ਆਟੋ ਚਾਲਕ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਆਟੋ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਨਰਸਿੰਗ ਦੀ ਵਿਦਿਆਰਥਣ ਨੇ ਦੱਸਿਆ ਕਿ ਐਤਵਾਰ (25 ਅਗਸਤ) ਨੂੰ ਛੁੱਟੀ ਸੀ। ਮੈਂ ਦੇਵਰੁਖ ਸਥਿਤ ਆਪਣੇ ਘਰ ਗਈ ਸੀ। ਰੋਜ਼ਾਨਾ ਦੀ ਤਰ੍ਹਾਂ ਸੋਮਵਾਰ (26 ਅਗਸਤ) ਨੂੰ ਮੈਂ ਸਵੇਰੇ 6 ਵਜੇ ਦੀ ਬੱਸ ਰਾਹੀਂ ਦੇਵਰੁਖ ਤੋਂ ਰਤਨਾਗਿਰੀ ਪਹੁੰਚੀ। ਸਵੇਰੇ ਕਰੀਬ 7 ਵਜੇ ਉਹ ਰਤਨਾਗਿਰੀ ਦੇ ਸਾਲਵੀ ਸਟਾਪ 'ਤੇ `ਤੇ ਉਤਰੀ।
ਕਾਲਜ ਜਾਣ ਲਈ ਆਟੋ ਰਿਕਸ਼ਾ ਲਿਆ। ਰਾਹ ਵਿੱਚ ਆਟੋ ਚਾਲਕ ਨੇ ਮੈਨੂੰ ਪਾਣੀ ਪਿਲਾਇਆ, ਜਿਸ ਨੂੰ ਪੀਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਦੇਖਿਆ ਕਿ ਮੇਰਾ ਸਾਰਾ ਸਮਾਨ ਜੰਗਲ ਵਿੱਚ ਖਿੱਲਰਿਆ ਪਿਆ ਸੀ। ਕੱਪੜੇ ਫਟੇ ਹੋਏ ਹਨ। ਮੇਰੀ ਭੈਣ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।