Welcome to Canadian Punjabi Post
Follow us on

14

August 2024
 
ਪੰਜਾਬ

ਪੰਜਾਬ ਦੇ ਨੌਜਵਾਨਾਂ ’ਚ ਵਤਨ ਵਾਪਸੀ ਦਾ ਰੁਝਾਨ ਸ਼ੁਰੂ, ਸਰਕਾਰੀ ਨੌਕਰੀ ਹਾਸਲ ਕਰਨ ਲਈ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿਣ ਲੱਗੇ ਨੌਜਵਾਨ : ਮੁੱਖ ਮੰਤਰੀ

August 13, 2024 08:46 AM

-ਹੁਣ ਤੱਕ 44,667 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ
-ਰਵਾਇਤੀ ਪਾਰਟੀਆਂ ਨੇ ਸਿਸਟਮ ਦਾ ਭੱਠਾ ਬਿਠਾਇਆ, ਤੰਗ ਹੋਏ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਮਜਬੂਰੀਵੱਸ ਵਿਦੇਸ਼ ਗਏ
-ਅਕਾਲੀ ਦਲ ਆਪਣੇ ਗੁਨਾਹਾਂ ਦਾ ਜ਼ਿਕਰ ਕੀਤੇ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਰਿਹਾ ਮੁਆਫੀ
-25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਤੋਂ ਹੁਣ 25 ਲੀਡਰ ਵੀ ਇਕੱਠੇ ਨਹੀਂ ਹੋ ਰਹੇ
ਚੰਡੀਗੜ੍ਹ, 13 ਅਗਸਤ (ਪੋਸਟ ਬਿਊਰੋ): ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬ ਦੇ ਨੌਜਵਾਨਾਂ ਵਿੱਚ ਵਤਨ ਵਾਪਸੀ ਦੇ ਰੁਝਾਨ ਨੂੰ ਸੂਬੇ ਲਈ ਸ਼ੁੱਭ ਸ਼ਗਨ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 44,667 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਿਸ ਕਰਕੇ ਬਹੁਤ ਸਾਰੇ ਨੌਜਵਾਨ ਹੁਣ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਇੱਥੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਤਿਆਰੀ ਕਰ ਰਹੇ ਹਨ।
ਅੱਜ ਇੱਥੇ ਸੈਕਟਰ-35 ਵਿਖੇ ਮਿਊਂਸਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਵਿਦੇਸ਼ਾਂ ਵਿੱਚ ਰੋਜ਼ਗਾਰ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਨੌਕਰੀ ਕਰਨ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਏਸੇ ਕਰਕੇ ਵਤਨ ਵਾਪਸੀ ਕਰ ਰਹੇ ਹਨ ਕਿਉਂਕਿ ਹੁਣ ਪੰਜਾਬ ਵਿੱਚ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ।
ਪਾਰਦਰਸ਼ੀ ਭਰਤੀ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਨੌਜਵਾਨਾਂ ਨੂੰ ਨੌਕਰੀ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਉਤੇ ਮਿਲੇਗੀ ਅਤੇ ਨੌਕਰੀ ਹਾਸਲ ਕਰਨਾ ਯੋਗ ਨੌਜਵਾਨ ਦਾ ਹੱਕ ਹੁੰਦਾ ਹੈ। ਇਸ ਮਾਮਲੇ ਵਿਚ ਮੈਂ ਨਾ ਕਿਸੇ ਦੀ ਸਿਫਾਰਸ਼ ਮੰਨਦਾ ਹਾਂ ਅਤੇ ਨਾ ਹੀ ਕਿਸੇ ਦੀ ਸਿਫਾਰਸ਼ ਚੱਲਣ ਦਿੰਦਾ ਹਾਂ ਕਿਉਂਕਿ ਨੌਜਵਾਨ ਮੇਰੇ ਉਤੇ ਬਹੁਤ ਵਿਸ਼ਵਾਸ ਕਰਦੇ ਹਨ ਤੇ ਇਸ ਭਰੋਸੇ ਨੂੰ ਮੈਂ ਕਿਸੇ ਵੀ ਕੀਮਤ ਉਤੇ ਟੁੱਟਣ ਨਹੀਂ ਦੇਵਾਂਗਾ।”
ਮੁੱਖ ਮੰਤਰੀ ਨੇ ਕਿਹਾ, “ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨੌਜਵਾਨਾਂ ਨੇ ਮੇਰੀ ਸਰਕਾਰ ਉਤੇ ਭਰੋਸਾ ਜ਼ਾਹਰ ਕੀਤਾ ਹੈ। ਕੋਈ ਵੀ ਵਿਅਕਤੀ ਆਪਣੇ ਪੁਰਖਿਆਂ ਦੀ ਧਰਤੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਵਿਦੇਸ਼ ਜਾਣ ਵਾਲੇ ਬਹੁਤੇ ਨੌਜਵਾਨ ਸਾਡੇ ਸਿਸਟਮ ਤੋਂ ਏਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੂੰ ਰੋਜ਼ਗਾਰ ਦੀ ਖਾਤਰ ਆਪਣਾ ਘਰ-ਬਾਰ ਛੱਡਣਾ ਪਿਆ। ਇਸ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਦਾ ਭਲਾ ਕਰਨ ਦੀ ਬਜਾਏ ਆਪਣੇ ਧੀਆਂ-ਪੁੱਤਾਂ ਦਾ ਫਿਕਰ ਕੀਤਾ।”
ਮੁੱਖ ਮੰਤਰੀ ਨੇ ਅੱਜ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਸਕੂਲ ਸਿੱਖਿਆ, ਸਹਿਕਾਰਤਾ, ਸਥਾਨਕ ਸਰਕਾਰਾਂ, ਸਮਾਜਿਕ ਸੁਰੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ, ਕਰ ਤੇ ਆਬਕਾਰੀ, ਸਿਹਤ ਤੇ ਪਰਿਵਾਰ ਭਲਾਈ, ਵਿੱਤ ਵਿਭਾਗ, ਉਦਯੋਗ ਤੇ ਵਪਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਨਵੇਂ ਭਰਤੀ ਹੋਏ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀਆਂ ਹਮੇਸ਼ਾ ਮੈਨੂੰ ਚੰਗਾ-ਮੰਦਾ ਬੋਲਦੀਆਂ ਹਨ ਪਰ ਕਦੇ ਵੀ ਉਨ੍ਹਾਂ ਦੀ ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਨਹੀਂ ਕਰਦੇ। ਉਨ੍ਹਾਂ ਨੇ ਰਵਾਇਤੀ ਪਾਰਟੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ 44,667 ਸਰਕਾਰੀ ਨੌਕਰੀਆਂ ਦੇਣ, 300 ਯੂਨਿਟ ਮੁਫ਼ਤ ਬਿਜਲੀ, ਘਰ-ਘਰ ਰਾਸ਼ਨ ਸਕੀਮ, ਸ਼ਹੀਦਾਂ ਦੇ ਵਾਰਸਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦੇ ਉਪਰਾਲਿਆਂ ਦਾ ਜ਼ਿਕਰ ਕਿਉਂ ਨਹੀਂ ਕਰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਵਰਗੇ ਵਿਰੋਧੀ ਆਗੂ ਉਨ੍ਹਾਂ ਦੇ ਖਿਲਾਫ਼ ਜੋ ਮਰਜ਼ੀ ਬੋਲਦੇ ਰਹਿਣ ਪਰ ਉਹ ਪੰਜਾਬ ਦੀ ਤਰੱਕੀ ਲਈ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਣਗੇ।
ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅਜਿਹੇ ਲੀਡਰਾਂ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਰਹੀ ਜਿਨ੍ਹਾਂ ਨੇ ਸਿਸਟਮ ਦਾ ਭੱਠਾ ਬਿਠਾ ਦਿੱਤਾ।
ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਆਮ ਲੋਕ ਹੀ ਸਿਰਜਦੇ ਹਨ ਅਤੇ ਪੰਜਾਬੀਆਂ ਨੇ ਵੀ ਆਮ ਘਰਾਂ ਦੇ ਨੌਜਵਾਨਾਂ ਨੂੰ ਸੱਤਾ ਸੌਂਪ ਕੇ ਸੂਬੇ ਵਿੱਚ ਵੱਡਾ ਬਦਲਾਅ ਲਿਆਂਦਾ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਰਗੇ ਸਧਾਰਨ ਲੀਡਰ ਨੇ ਲੰਬੀ ਹਲਕੇ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ।
ਫੁੱਟ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ ਪਰ ਇਸ ਵੇਲੇ ਉਸ ਦੀ ਹਾਲਾਤ ਏਨੀ ਹਾਸੋਹੀਣੀ ਹਨ ਕਿ ਉਸ ਤੋਂ ਹੁਣ 25 ਲੀਡਰ ਵੀ ਇਕੱਠੇ ਨਹੀਂ ਹੋ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਾਸ਼ੀਏ ਉਤੇ ਧੱਕੇ ਗਏ ਅਕਾਲੀ ਲੀਡਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਮੁਆਫੀ ਮੰਗ ਰਹੇ ਹਨ ਪਰ ਕੀਤੇ ਹੋਏ ਗੁਨਾਹਾਂ ਦਾ ਜ਼ਿਕਰ ਨਹੀਂ ਕਰਦੇ।
ਇਸ ਮੌਕੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੈਰਿਟ ਦੇ ਆਧਾਰ `ਤੇ ਸਰਕਾਰੀ ਨੌਕਰੀਆਂ ਮਿਲਣ ਕਾਰਨ ਬਾਗ਼ੋ-ਬਾਗ਼ ਹੋਏ ਨੌਜਵਾਨਾਂ ਨੇ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ ਪੰਜਾਬ ਪੁਲਿਸ ਨੇ ਐਨਸੀਬੀ ਨਾਲ ਮਿਲ ਕੇ ਬਦਨਾਮ ਨਸ਼ਾ ਤਸਕਰ ਬਲਵਿੰਦਰ ਬਿੱਲਾ ਨੂੰ ਪੀਆਈਟੀ-ਐਨਡੀਪੀਐਸ ਐਕਟ ਤਹਿਤ ਕੀਤਾ ਨਜ਼ਰਬੰਦ ਲਿਖਾਰੀ ਸਭਾ ਮੋਗਾ ਵੱਲੋਂ ਸਾਵਣ ਕਵੀ ਦਰਬਾਰ ਮਨਾਇਆ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਡੀ.ਡੀ.ਪੀ.ਓ. ਤੇ ਇੱਕ ਆਮ ਵਿਅਕਤੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਸੀਬੀਐੱਸਈ ਦੀ ਭਰਤੀ ਲਈ ਇਮਤਿਹਾਨ `ਚ ਕੜੇ ਲੁਹਾਉਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ ਡੀ.ਟੀ.ਐੱਫ. ਵੱਲੋਂ ਅਧਿਆਪਕਾਂ ਦੇ ਵਿਭਾਗੀ ਮਸਲਿਆਂ ਸੰਬੰਧੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਡੀ.ਟੀ.ਐੱਫ. ਵੱਲੋਂ ਅਧਿਆਪਕਾਂ ਦੇ ਵਿਭਾਗੀ ਮਸਲਿਆਂ ਸੰਬੰਧੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਸਹੂਲਤਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਂਝਾ : ਖੁੱਡੀਆਂ ਸਪੀਕਰ ਸੰਧਵਾ ਨੇ 9 ਲੱਖ ਰੁਪਏ ਦੀ ਲਾਗਤ ਵਾਲੀ ਆਟੋਮੈਟਿਕ ਫਾਗਿੰਗ ਮਸ਼ੀਨ ਨੂੰ ਦਿੱਤੀ ਹਰੀ ਝੰਡੀ