-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤਾ ਸਨਮਾਨਿਤ
ਅੰਮਿ੍ਰਤਸਰ, 11 ਅਗਸਤ (ਗਿਆਨ ਸਿੰਘ): ਪੈਰਿਸ ਓਲੰਪਿਕ 2024 ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਦੇਸ਼ ਵਾਪਸ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਿਹਰੀ ਮਾਡਲ, ਧਾਰਮਿਕ ਪੁਸਤਕਾਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਤੇ ਫ਼ਖਰ ਵਾਲੀ ਗੱਲ ਹੈ ਕਿ ਜਦੋਂ ਵੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ ਤਾਂ ਟੀਮ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਹਾਕੀ ਖਿਡਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸਬੰਧਤ ਇਤਿਹਾਸ ਨੂੰ ਦੁਹਰਾਇਆ ਹੈ। ਐਡਵੋਕੇਟ ਧਾਮੀ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਦੀ ਹਾਕੀ ਟੀਮ ਵਿੱਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਤੋਂ ਉਹ ਪ੍ਰੇਰਣਾ ਲੈਣ ਅਤੇ ਖੇਡਾਂ ਵਿੱਚ ਅੱਗੇ ਆਉਣ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਖਿਡਾਰੀਆਂ ਨੂੰ ਉਤਸ਼ਾਹਤ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਤੇ ਸਿੱਖਾਂ ਦਾ ਮਾਣ ਵਧਾਉਣ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਰਹੇਗੀ।
ਉਨ੍ਹਾਂ ਵਿਸ਼ੇਸ਼ ਤੌਰ ’ਤੇ ਭਾਰਤੀ ਹਾਕੀ ਟੀਮ ਲਈ ਖੇਡੇ ਸਾਬਤ ਸੂਰਤ ਗੁਰਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਸਿੱਖ ਪਰਿਵਾਰਾਂ ਨਾਲ ਸਬੰਧਤ ਖਿਡਾਰੀਆਂ ਨੂੰ ਆਪਣੇ ਸਿੱਖੀ ਸਰੂਪ ਬਰਕਰਾਰ ਰੱਖਣ ਦੀ ਪ੍ਰੇਰਣਾ ਵੀ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਜ ਟੀਮ ਦੇ ਖਿਡਾਰੀਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਡਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਕਿ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਹੀ ਟੀਮ ਵੱਲੋਂ ਇਹ ਪ੍ਰਾਪਤੀ ਸੰਭਵ ਹੋ ਸਕੀ ਹੈ ਅਤੇ ਉਨ੍ਹਾਂ ਟੀਮ ਲਈ ਭਵਿੱਖ ਅੰਦਰ ਹੋਰ ਬਿਹਤਰ ਪ੍ਰਦਰਸ਼ਨ ਦੀ ਅਰਦਾਸ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਤਿਕਾਰ ਤੇ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸ਼ਾਹਬਾਜ਼ ਸਿੰਘ, ਹਰਭਜਨ ਸਿੰਘ ਵਕਤਾ, ਸੁਪ੍ਰਡੰਟ ਨਿਸ਼ਾਨ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆੜ, ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਅੰਮਿ੍ਰਤਪਾਲ ਸਿੰਘ, ਰਣਧੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਹਾਕੀ ਕੋਚ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਭਾਰਤੀ ਹਾਕੀ ਟੀਮ ਦੇ ਇਹ ਖਿਡਾਰੀ ਹੋਏ ਨਤਮਸਤਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਲਈ ਪੁੱਜੇ ਭਾਰਤੀ ਹਾਕੀ ਟੀਮ ਦੇ ਨੌਂ ਖਿਡਾਰੀਆਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜੁਗਰਾਜ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੇ ਕੋਚ ਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ।