ਪੈਰਿਸ, 8 ਅਗਸਤ (ਪੋਸਟ ਬਿਊਰੋ): ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਨੀਰਜ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਤਗਮੇ ਜਿੱਤੇ ਸਨ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਨੇ 92.97 ਮੀਟਰ ਜੈਵਲਿਨ ਸੁੱਟ ਕੇ ਓਲੰਪਿਕ ਰਿਕਾਰਡ ਬਣਾਇਆ। ਅਰਸ਼ਦ ਦੇ 2 ਥ੍ਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।