ਕਲਕੱਤਾ, 4 ਅਗਸਤ (ਪੋਸਟ ਬਿਊਰੋ): ਪੱਛਮੀ ਬੰਗਾਲ ਦੀ ਮਮਤਾ ਸਰਕਾਰ ਵਿੱਚ ਮੰਤਰੀ ਅਖਿਲ ਗਿਰੀ ਇੱਕ ਮਹਿਲਾ ਜੰਗਲਾਤ ਅਧਿਕਾਰੀ ਨੂੰ ਧਮਕੀ ਦੇਣ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ। ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਹੈ। ਬੰਗਾਲ ਭਾਜਪਾ ਨੇ ਸ਼ਨੀਵਾਰ ਨੂੰ ਅਖਿਲ ਗਿਰੀ ਦੀ ਇਕ ਮਹਿਲਾ ਅਧਿਕਾਰੀ ਨਾਲ ਦੁਰਵਿਵਹਾਰ ਦੀ ਵੀਡੀਓ ਸਾਂਝੀ ਕੀਤੀ ਹੈ।
ਵਾਇਰਲ ਵੀਡੀਓ 'ਚ ਅਖਿਲ ਗਿਰੀ ਮਹਿਲਾ ਅਧਿਕਾਰੀ ਮਨੀਸ਼ ਸ਼ਾਅ 'ਤੇ ਚੀਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੰਗਾਲੀ ਵਿਚ ਕਿਹਾ, 'ਤੁਸੀਂ ਸਰਕਾਰੀ ਮੁਲਾਜ਼ਮ ਹੋ। ਸਿਰ ਝੁਕਾ ਕੇ ਮੇਰੇ ਨਾਲ ਗੱਲ ਕਰੋ। ਤੁਸੀਂ ਦੇਖਣਾ ਕਿ ਇੱਕ ਹਫ਼ਤੇ ਵਿੱਚ ਤੁਹਾਡੇ ਨਾਲ ਕੀ ਹੁੰਦਾ ਹੈ।
ਅਖਿਲ ਗਿਰੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਕਿਹਾ, 'ਆਪਣਾ ਤਰੀਕਾ ਬਦਲ, ਨਹੀਂ ਤਾਂ ਮੈਂ ਤੈਨੂੰ ਡੰਡੇ ਨਾਲ ਕੁੱਟ ਦਿਆਂਗਾ।' ਜੇਕਰ ਤੁਸੀਂ ਇਸ ਮਾਮਲੇ 'ਚ ਦੁਬਾਰਾ ਨੱਕ ਪਾਈ ਤਾਂ ਤੁਸੀਂ ਵਾਪਿਸ ਨਹੀਂ ਜਾ ਸਕੇਗੀ। ਇਹ ਗੁੰਡੇ ਤੈਨੂੰਰਾਤ ਨੂੰ ਘਰ ਨਹੀਂ ਜਾਣ ਦੇਣਗੇ।
ਅਖਿਲ ਗਿਰੀ ਦਾ ਇਹ ਵੀਡੀਓ ਪੂਰਬਾ ਮੇਦਿਨੀਪੁਰ ਜਿ਼ਲ੍ਹੇ ਦੇ ਤਾਜਪੁਰ ਤੱਟ ਨੇੜੇ ਦਾ ਹੈ। ਇੱਥੇ ਜਿ਼ਲ੍ਹਾ ਜੰਗਲਾਤ ਅਫ਼ਸਰ ਮਨੀਸ਼ ਸ਼ਾਅ ਆਪਣੀ ਟੀਮ ਨਾਲ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਗਏ ਹੋਏ ਸਨ। ਇਸ ਦੌਰਾਨ ਮੰਤਰੀ ਉੱਥੇ ਪਹੁੰਚੇ ਅਤੇ ਮਹਿਲਾ ਅਧਿਕਾਰੀ ਨਾਲ ਬਹਿਸ ਕੀਤੀ।
ਇਹ ਵੀਡੀਓ ਕਦੋਂ ਦੀ ਹੈ, ਇਸ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਜੰਗਲਾਤ ਅਧਿਕਾਰੀ ਮਨੀਸ਼ਾ ਨੇ ਵੀ ਹਾਲੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਜਪਾ ਨੇਤਾਵਾਂ ਨੇ ਮੰਤਰੀ ਦੇ ਵਿਵਹਾਰ ਨੂੰ ਲੈ ਕੇ ਬੰਗਾਲ 'ਚ ਔਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ।