ਪਿਓਂਗਯਾਂਗ, 20 ਜੂਨ (ਪੋਸਟ ਬਿਊਰੋ): ਉੱਤਰੀ ਕੋਰੀਆ ਪਹੁੰਚਣ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੁਤਿਨ ਦੇ ਸਵਾਗਤ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਖੁਦ ਏਅਰਪੋਰਟ ਪਹੁੰਚੇ। ਪੁਤਿਨ ਦਾ ਉੱਤਰੀ ਕੋਰੀਆ ਦਾ ਦੌਰਾ ਪੂਰੀ ਦੁਨੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਹਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਹੋਏ ਹਨ ਪਰ ਇਸ ਦੌਰਾਨ ਪੁਤਿਨ ਨੇ ਆਪਣੇ ਦੋਸਤ ਕਿਮ ਜੋਂਗ ਉਨ ਨੂੰ ਜੋ ਤੋਹਫਾ ਦਿੱਤਾ ਹੈ, ਉਸ ਦੀ ਚਮਕ ਪੂਰੀ ਦੁਨੀਆਂ 'ਚ ਦਿਖਾਈ ਦੇ ਰਹੀ ਹੈ।
ਪੁਤਿਨ ਨੇ ਨਾ ਸਿਰਫ ਕਿਮ ਨੂੰ ਇਕ ਲਗਜ਼ਰੀ ਕਾਰ ਤੋਹਫੇ 'ਚ ਦਿੱਤੀ ਸਗੋਂ ਉਹ ਉਸ ਨੂੰ ਇਸ ਕਾਰ 'ਚ ਡਰਾਈਵ ਕਰਨ ਲਈ ਵੀ ਲੈ ਗਏ। ਇਸ ਦੌਰਾਨ ਪੁਤਿਨ ਨੇ ਖੁਦ ਕਾਰ ਚਲਾਈ ਅਤੇ ਕਿਮ ਜੋਂਗ ਉਨ ਉਨ੍ਹਾਂ ਨਾਲ ਵਾਲੀ ਕੋ-ਡ੍ਰਾਈਵਿੰਗ ਸੀਟ 'ਤੇ ਬੈਠੇ ਨਜ਼ਰ ਆਏ। ਚੋਟੀ ਦੇ ਨੇਤਾਵਾਂ ਦੀ ਇਸ ਲਗਜ਼ਰੀ ਰਾਈਡ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪੁਤਿਨ ਨੇ ਕਿਮ ਜੋਂਗ ਨੂੰ ਰੂਸ ਦੀ ਬਣੀ ਔਰਸ ਸੈਨੇਟ ਲਿਮੋਜਿ਼ਨ ਕਾਰ ਗਿਫਟ ਕੀਤੀ ਹੈ। ਇਸ ਕਾਰ ਨੂੰ ਰੋਲਸ ਰਾਇਸ ਦੀ ਕਾਪੀ ਕਿਹਾ ਜਾ ਰਿਹਾ ਹੈ ਪਰ ਜੇਕਰ ਕਾਰ ਦੇ ਫੀਚਰਜ਼ 'ਤੇ ਨਜ਼ਰ ਮਾਰੀਏ ਤਾਂ ਦੁਨੀਆਂ ਭਰ ਦੀਆਂ ਕਾਰਾਂ ਇਸ ਦਾ ਮੁਕਾਬਲਾ ਕਰੇਗੀ। ਸਿਰਫ ਕੀਮਤ ਹੀ ਨਹੀਂ ਸਗੋਂ ਫੀਚਰਜ਼ ਵੀ ਅਜਿਹੇ ਹਨ ਕਿ ਇਸ ਨੂੰ ਕਾਰ ਨਹੀਂ ਬਲਕਿ ਪੂਰਾ ਬੰਕਰ ਹੈ।