ਗ੍ਰੇਵਜੈਂਡ, ਇੰਗਲੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੀ ਧਰਤੀ 'ਤੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਵੱਲੋਂ ਸਮੇਂ ਸਮੇਂ 'ਤੇ ਸੇਵਾ ਕਾਰਜ ਕੀਤੇ ਜਾਂਦੇ ਹਨ। ਧਰਮ, ਵਿਰਸੇ ਤੇ ਸਮਾਜ ਸੇਵਾ ਨੂੰ ਪ੍ਰਣਾਈ ਇਸ ਸੰਸਥਾ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਹਰ ਸਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ ਅਕਸਰ ਹੀ ਲਗਾਏ ਜਾਂਦੇ ਹਨ। ਇਸ ਵਾਰ ਦਾ ਇਹ ਸੇਵਾ ਕਾਰਜ 13 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜੈਂਡ ਦੇ ਮੈਦਾਨਾਂ ਵਿੱਚ ਕੀਤੇ ਜਾ ਰਹੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਸੇਵਾਦਾਰ ਸੰਗਤਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਦੀਆਂ ਸੇਵਾਵਾਂ ਨਿਭਾਉਣਗੇ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸੰਸਥਾ ਦੇ ਸੇਵਾਦਾਰ ਪਰਮਿੰਦਰ ਸਿੰਘ ਮੰਡ ਤੇ ਗੁਰਤੇਜ ਸਿੰਘ ਪੰਨੂੰ ਨੇ ਦੱਸਿਆ ਕਿ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਵੱਲੋਂ ਹਰ ਸਾਲ ਹੀ ਖਾਲਸਾ ਸਾਜਨਾ ਦਿਵਸ ਮੌਕੇ ਦਸਤਾਰਾਂ ਸਜਾਉਣ ਦੀ ਸੇਵਾ ਕੀਤੀ ਜਾਂਦੀ ਹੈ। 13 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸੇਵਾਦਾਰ ਚਾਹਵਾਨ ਸੰਗਤਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਦੀਆਂ ਸੇਵਾਵਾਂ ਵਿੱਚ ਜੁਟ ਜਾਣਗੇ। ਉਹਨਾਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਭਰਪੂਰ ਲਾਹਾ ਲੈਣ।