ਓਟਵਾ, 27 ਫਰਵਰੀ (ਪੋਸਟ ਬਿਊਰੋ) : ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਮੰਗਲਵਾਰ ਨੂੰ ਆਖਿਆ ਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਸ਼ੱਕੀ ਸਕੂਲਾਂ ਖਿਲਾਫ ਜੇ ਪ੍ਰੋਵਿੰਸਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਫੈਡਰਲ ਸਰਕਾਰ ਉਨ੍ਹਾਂ ਨੂੰ ਬੰਦ ਕਰਵਾਉਣ ਲਈ ਆਪ ਅੱਗੇ ਆਵੇਗੀ।
ਹਫਤਾਵਾਰੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਪਾਰਲੀਆਮੈਂਟ ਹਿੱਲ ਦੇ ਬਾਹਰ ਮਿੱਲਰ ਨੇ ਆਖਿਆ ਕਿ ਕਾਲਜ ਸੈਕਟਰ ਵਿੱਚ ਕੁੱਝ ਦਿੱਕਤਾਂ ਹਨ ਪਰ ਕੁੱਝ ਪ੍ਰਾਈਵੇਟ ਇੰਸਟੀਚਿਊਸ਼ਨਜ਼ ਵਾਰੀ ਵਾਰੀ ਗੜਬੜ ਕਰ ਰਹੇ ਹਨ ਤੇ ਅਜਿਹੇ ਸਕੂਲਾਂ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਆਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਸਬੰਧ ਵਿੱਚ ਪੋਸਟ ਸੈਕੰਡਰੀ ਸੈਕਟਰ ਵਿੱਚ ਜੋ ਵੀ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਦਾ ਹੱਲ ਕਰਨ ਦੀ ਜਿ਼ੰਮੇਵਾਰੀ ਪ੍ਰੋਵਿੰਸਾਂ ਦੀ ਹੈ। ਪਰ ਜੇ ਉਹ ਆਪਣਾ ਕੰਮ ਨਹੀਂ ਕਰਨਗੇ ਤਾਂ ਓਟਵਾ ਨੂੰ ਇਹ ਕੰਮ ਕਰਨਾ ਹੋਵੇਗਾ।
ਜਿ਼ਕਰਯੋਗ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਸਰਕਾਰ ਨੂੰ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦਾ ਮੁਲਾਂਕਣ ਕਰਨਾ ਪਿਆ ਤੇ ਲਿਬਰਲਾਂ ਵੱਲੋਂ ਅਗਲੇ ਦੋ ਸਾਲਾਂ ਲਈ ਨਵੇਂ ਸਟਡੀ ਪਰਮਿਟਸ ਨੂੰ ਸੀਮਤ ਕਰਨ ਲਈ ਮਜਬੂਰ ਹੋਣਾ ਪਿਆ। ਪਿਛਲੇ ਸਾਲ 900,000 ਵਿਦੇਸ਼ੀ ਸਟੂਡੈਂਟਸ ਕੋਲ ਕੈਨੇਡਾ ਦਾ ਸਟਡੀ ਵੀਜ਼ਾ ਸੀ, ਜੋ ਕਿ ਇੱਕ ਦਹਾਕੇ ਪਹਿਲਾਂ ਨਾਲੋਂ ਵਿਦਿਆਰਥੀਆਂ ਦੀ ਤਿੱਗੁਣੀ ਗਿਣਤੀ ਹੈ।