ਤਲਅਵੀਵ, 30 ਨਵੰਬਰ (ਪੋਸਟ ਬਿਊਰੋ): ਇਜ਼ਰਾਈਲ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਹੋਈ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਯੇਰੂਸ਼ਲਮ ਨੇੜੇ ਸੜਕ 'ਤੇ ਲੰਘ ਰਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਪੁਲਿਸ ਨੇ ਦੋਵਾਂ ਹਮਲਾਵਰਾਂ ਨੂੰ ਮਾਰ ਮੁਕਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਯੇਰੂਸ਼ਲਮ ਦੇ ਐਂਟਰੀ ਪੁਆਇੰਟ 'ਤੇ ਮੁੱਖ ਹਾਈਵੇਅ ਨੇੜੇ ਬੱਸ ਦੀ ਉਡੀਕ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਜ਼ਰਾਈਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ 7 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਬਹੁਤ ਹੀ ਵਿਅਸਤ ਸਮੇਂ ਦੌਰਾਨ ਵਾਪਰੀ। ਪੁਲਿਸ ਨੇ ਦੱਸਿਆ ਕਿ ਦੋਵੇਂ ਹਮਲਾਵਰ ਮਾਰੇ ਗਏ ਹਨ।
ਇਸ ਦੌਰਾਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਖਤਮ ਹੋਣ ਤੋਂ 8 ਮਿੰਟ ਪਹਿਲਾਂ ਭਾਵ ਭਾਰਤੀ ਸਮੇਂ ਮੁਤਾਬਕ ਸਵੇਰੇ 10:22 ਵਜੇ ਇਸ ਨੂੰ 1 ਦਿਨ ਲਈ ਵਧਾ ਦਿੱਤਾ ਗਿਆ ਹੈ। ਇਜ਼ਰਾਈਲ ਅਤੇ ਕਤਰ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਹਮਾਸ ਨੇ ਅੱਜ ਰਿਹਾਅ ਕੀਤੇ ਜਾਣ ਵਾਲੇ 10 ਬੰਧਕਾਂ ਦੀ ਸੂਚੀ ਦਿੱਤੀ ਹੈ, ਜਿਸ ਨੂੰ ਇਜ਼ਰਾਈਲ ਨੇ ਮਨਜ਼ੂਰੀ ਦੇ ਦਿੱਤੀ ਹੈ। ਜੰਗਬੰਦੀ ਦੇ ਤਹਿਤ ਹਮਾਸ ਹਰ ਰੋਜ਼ 10 ਬੰਧਕਾਂ ਨੂੰ ਰਿਹਾਅ ਕਰੇਗਾ। ਇਸ ਦੇ ਬਦਲੇ ਇਜ਼ਰਾਈਲ 30 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਜ਼ਰਾਇਲੀ ਫੌਜ ਨੇ ਕਿਹਾ ਕਿ ਜੰਗਬੰਦੀ ਦੀਆਂ ਹੋਰ ਸ਼ਰਤਾਂ 'ਤੇ ਹਾਲੇ ਵੀ ਗੱਲਬਾਤ ਚੱਲ ਰਹੀ ਹੈ।