-ਪਾਕਿਸਤਾਨ ਸਰਕਾਰ ਜਿ਼ੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ: ਢੀਂਡਸਾ
ਚੰਡੀਗੜ੍ਹ, 20 ਨਵੰਬਰ (ਪੋਸਟ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਸ਼ਰਾਬ ਅਤੇ ਮੀਟ ਦੀ ਵਰਤੋਂ ਨਾਲ ਜੁੜੀ ਬੇਅਦਬੀ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ ਢੀਂਡਸਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਸਾਰੀ ਦੁਨੀਆ ਖਾਸਕਰ ਸਿੱਖ ਜਗਤ ਲਈ ਆਸਥਾ ਦਾ ਪ੍ਰਤੀਕ ਹੈ। ਅਜਿਹੇ ਪਵਿੱਤਰ ਅਸਥਾਨ ਤੇ ਬੇਅਦਬੀ ਦੀ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ। ਸ.ਢੀਂਡਸਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ
ਜਾਣਕਾਰੀ ਮੁਤਾਬਕ 18 ਨਵੰਬਰ ਦੀ ਰਾਤ ਨੂੰ ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੀਹ ਫੁੱਟ ਦੀ ਦੂਰੀ 'ਤੇ ਆਯੋਜਿਤ ਕੀਤੀ ਗਈ ਸੀ। ਜਿਸ ਵਿਚ ਪਕਿਸਤਾਨ ਸਰਕਾਰ ਦੇ ਉੱਚ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਕੀਤਾ ਗਿਆ। ਜਿਸ ਦਾ ਸਿੱਖ ਭਾਈਚਾਰੇ 'ਚ ਗੁੱਸਾ ਹੈ ਅਤੇ ਇਸ ਦਾ ਵਿਰੋਧ ਵੀ ਦਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜਿੰਮੇਵਾਰ ਲੋਕਾਂ ਨੂੰ ਸਿੱਖ ਪੰਥ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।