ਚੰਡੀਗੜ੍ਹ, 29 ਸਤੰਬਰ (ਪੋਸਟ ਬਿਊਰੋ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਦਿੱਲੀ ਤੋਂ ਪੰਜਾਬ ਲਿਆ ਕੇ ਮਾਨਸਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸਚਿਨ ਬਿਸ਼ਨੋਈ ਦਾ ਮਾਨਸਾ ਪੁਲਿਸ ਨੂੰ 6 ਅਕਤੂਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ।
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਬਾਕੂ, ਅਜ਼ਰਬਾਈਜਾਨ ਤੋਂ ਭਾਰਤ ਹਵਾਲੇ ਕੀਤੇ ਜਾਣ ਤੋਂ ਲਗਭਗ ਦੋ ਮਹੀਨੇ ਬਾਅਦ ਮਾਨਸਾ ਪੁਲਿਸ ਵੀਰਵਾਰ ਦੇਰ ਰਾਤ ਉਸ ਨੂੰ ਦਿੱਲੀ ਤੋਂ ਮਾਨਸਾ ਟਰਾਂਜਿ਼ਟ ਰਿਮਾਂਡ 'ਤੇ ਲੈ ਕੇ ਆਈ ਹੈ। ਮਾਨਸਾ ਦੇ ਸਿਵਲ ਹਸਪਤਾਲ ਤੋਂ ਉਸ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਇਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਪੁਲੀਸ ਨੂੰ 8 ਦਿਨ(6ਅਕਤੂਬਰ ਤੱਕ) ਦਾ ਰਿਮਾਂਡ ਦਿੱਤਾ ਗਿਆ ਹੈ। ਬਠਿੰਡਾ ਰੇਂਜ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਬੀਤੀ ਰਾਤ ਮਾਨਸਾ ਲਿਆਂਦਾ ਗਿਆ ਹੈ।