ਫਾਜ਼ਿਲਕਾ, 15 ਜੂਨ (ਪੋਸਟ ਬਿਊਰੋ)- ਇਸ ਜ਼ਿਲੇ੍ਹ ਦੇ ਪਿੰਡ ਓਝ ਵਾਲੀ ਵਿੱਚ ਪੇਕੇ ਘਰ ਛੁੱਟੀਆਂ ਕੱਟਣ ਆਈ ਇੱਕ ਔਰਤ ਦੀ ਉਸ ਦੇ ਭਰਾ ਨੇ ਹੱਤਿਆ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਦੋ ਭਰਾਵਾਂ ਵਿੱਚ ਕੁਝ ਸਮੇਂ ਤੋਂ ਜ਼ਮੀਨ ਦੀ ਵੰਡ ਦਾ ਝਗੜਾ ਚੱਲ ਰਿਹਾ ਹੈ। ਕੱਲ੍ਹ ਦੋਵਾਂ ਵਿੱਚੋਂ ਵੱਡੇ ਭਰਾ ਬਲਜਿੰਦਰ ਸਿੰਘ ਨੇ ਛੋਟੇ ਭਰਾ ਛਿੰਦਰ ਸਿੰਘ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਰੋਕਣ ਲਈ ਚੰਡੀਗੜ੍ਹ ਤੋਂ ਆਪਣੇ ਪੇਕੇ ਪਿੰਡ ਛੁੱਟੀਆਂ ਕੱਟਣ ਗਈ ਪਰਵੀਨ ਕੌਰ (35) ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਬਲਜਿੰਦਰ ਸਿੰਘ ਨੇ ਗੁੱਸੇ ਵਿੱਚ ਪ੍ਰਵੀਨ ਉੱਤੇ ਕਹੀ ਨਾਲ ਵਾਰ ਕਰ ਦਿੱਤਾ ਅਤੇ ਪਰਵੀਨ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਮਗਰੋਂ ਬਲਜਿੰਦਰ ਸਿੰਘ ਫਰਾਰ ਹੋ ਗਿਆ।
ਡੀ ਐਸ ਪੀ ਨੇ ਦੱਸਿਆ ਕਿ ਪ੍ਰਵੀਨ ਕੌਰ ਚੰਡੀਗੜ੍ਹ ਵਿਆਹੀ ਹੋਈ ਸੀ ਤੇ ਆਪਣੇ ਬੱਚਿਆਂ ਦੀਆਂ ਛੁੱਟੀਆਂ ਹੋਣ ਕਾਰਨ ਕੁਝ ਦਿਨਾਂ ਲਈ ਪੇਕੇ ਆਈ ਸੀ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮ੍ਰਿਤਕਾ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਬਲਜਿੰਦਰ ਸਿੰਘ ਨੂੰ ਉਸ ਦਾ ਬਣਦਾ ਹਿੱਸਾ ਦਿੱਤਾ ਜਾ ਚੁੱਕਾ ਹੈ, ਪਰ ਹਾਲੇ ਵੀ ਉਹ ਜ਼ਮੀਨ ਪਿੱਛੇ ਲੜਦਾ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਕੱਲ੍ਹ ਉਹ ਪੱਠੇ ਕੁਤਰਨ ਲਈ ਟੋਕਾ ਲਾ ਰਿਹਾ ਸੀ ਤਾਂ ਬਲਜਿੰਦਰ ਦੀ ਪਤਨੀ ਪੂਜਾ ਨੇ ਆਪਣੇ ਪਤੀ ਨੂੰ ਫੋਨ ਕਰ ਦਿੱਤਾ। ਇਸ ਪਿੱਛੋਂ ਬਲਜਿੰਦਰ ਗੁੱਸੇ ਵਿੱਚ ਆਇਆ ਤੇ ਛਿੰਦਰ ਨੂੰ ਜਾਨ ਤੋਂ ਮਾਰ ਦੇਣ ਦੀ ਗੱਲ ਆਖਣ ਲੱਗਾ। ਜਰਨੈਲ ਸਿੰਘ ਨੇ ਦੱਸਿਆ ਕਿ ਛੋਟਾ ਮੁੰਡਾ ਉਦੋਂ ਘਰੇ ਨਹੀਂ ਸੀ, ਪਰ ਬਲਜਿੰਦਰ ਨੂੰ ਸ਼ਾਂਤ ਕਰਨ ਲਈ ਪ੍ਰਵੀਨ ਨੇ ਉਸ ਨੂੰ ਸਮਝਾਉਣਾ ਚਾਹਿਆ ਤਾਂ ਉਸ ਨੇ ਗੁੱਸੇ ਵਿੱਚ ਪ੍ਰਵੀਨ ਉੱਤੇ ਕਹੀ ਨਾਲ ਵਾਰ ਕਰ ਦਿੱਤੇ, ਜਿਸ ਨਾਲ ਪ੍ਰਵੀਨ ਦੀ ਮੌਕੇ ਉੱਤੇ ਮੌਤ ਹੋ ਗਈ। ਪੁਲਸ ਨੇ ਜਰਨੈਲ ਸਿੰਘ ਦੇ ਬਿਆਨਾਂ ਉੱਤੇ ਕੇਸ ਦਰਜ ਕਰ ਲਿਆ ਹੈ।