ਪਟਿਆਲਾ, 14 ਜੂਨ (ਪੋਸਟ ਬਿਊਰੋ)- ਅਰਬਨ ਐਸਟੇਟ ਥਾਣਾ ਖੇਤਰ ਵਿਰਕ ਕਾਲੋਨੀ ਨਿਵਾਸੀ ਸੰਜੂ ਪੁੱਤਰ ਰਾਜਿੰਦਰ ਕੁਮਾਰ ਨੇ ਆਪਣੀ ਪਤਨੀ ਰੰਜਨਾ ਨੂੰ ਭਾਖੜਾ ਨਹਿਰ ਵਿੱਚ ਧੱਕਾ ਦੇ ਕੇ ਉਸਦੀ ਹੱਤਿਆ ਕਰ ਦਿੱਤੀ ਹੈ। ਰੰਜਨਾ ਦੀ ਮਾਂ ਫੂਲਾਂ ਦੇਵੀ ਦੀ ਸ਼ਿਕਾਇਤ ਉੱਤੇ ਸੰਜੂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।
ਫੂਲਾਂ ਦੇਵੀ ਨੇ ਦੱਸਿਆ ਕਿ ਰੰਜਨਾ ਨੇ ਦੋ ਸਾਲ ਪਹਿਲੇ ਸੰਜੂ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਉਸ ਦੇ ਬਾਅਦ ਦੋਨਾਂ ਵਿੱਚ ਵਿਵਾਦ ਹੋ ਗਿਆ ਸੀ। ਇਸ ਪਿੱਛੋਂ ਸੰਜੂ ਸ਼ਰਾਬ ਪੀ ਕੇ ਰੰਜਨਾ ਦੇ ਨਾਲ ਅਕਸਰ ਕੁੱਟਮਾਰ ਕਰਨ ਲੱਗਿਆ। ਫੂਲਾਂ ਦੇਵੀ ਨੇ ਕਿਹਾ ਕਿ ਸੰਜੂ ਨੂੰ ਰੰਜਨਾ ਦੇ ਚਰਿੱਤਰ ਉੱਤੇ ਸ਼ੱਕ ਸੀ। 9 ਜੂਨ ਨੂੰ ਸਵੇਰੇ ਦੋ ਵਜੇ ਉਹ ਦੋਨੋਂ ਫੂਲਾਂ ਦੇਵੀ ਦੇ ਘਰ ਆਏ ਅਤੇ ਕਿਹਾ ਕਿ ਦੇਰ ਰਾਤ ਮਕਾਨ ਮਾਲਕਾਂ ਨੂੰ ਉਠਾਉਣਾ ਠੀਕ ਨਹੀਂ, ਅਗਲੇ ਦਿਨ ਸੰਜੂ ਉਸ ਨੂੰ ਦਰਗਾਹ ਉੱਤੇ ਮੱਥਾ ਟੇਕਣ ਦੇ ਬਹਾਨੇ ਲੈ ਗਿਆ ਤੇ ਅਬਲੋਵਾਲ ਜਾ ਕੇ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਲਸ ਨੂੰ ਗੁਮਰਾਹ ਕਰਨ ਲਈ ਉਸ ਨੇ ਖੁਦ ਹੀ ਤਿ੍ਰਪੜੀ ਥਾਣੇ ਵਿੱਚ ਪਤਨੀ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ। ਇਸ ਪਿੱਛੋਂ ਉਸ ਨੇ ਰੰਜਨਾ ਦੇ ਘਰ ਫ਼ੋਨ ਕੀਤਾ ਤੇ ਪੁੱਛਿਆ ਕਿ ਕੀ ਉਹ ਘਰ ਆਈ ਹੈ ਕਿਉਂਕਿ ਸੰਜੂ ਦੇ ਮੁਤਾਬਕ ਉਹ ਝਗੜੇ ਦੇ ਬਾਅਦ ਦਰਗਾਹ ਤੋਂ ਨਿਕਲੀ ਸੀ।ਫੂਲਾਂ ਦੇਵੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਬੇਟੀ ਦਾ ਫੋਨ ਸਵਿਚ ਆਫ ਆਉਣ ਲੱਗਾ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਾਈ। ਫੂਲਾ ਦੇਵੀ ਮੁਤਾਬਕ ਸੰਜੂ ਹਰਿਦੁਆਰ ਵੀ ਰੰਜਨਾ ਨੂੰ ਮਾਰਨ ਦੇ ਇਰਾਦੇ ਨਾਲ ਲੈ ਗਿਆ ਸੀ ਪਰ ਉਥੇ ਉਸਦਾ ਪਲਾਨ ਨਹੀਂ ਚਲ ਪਾਇਆ। ਇਸ ਬਾਰੇ ਰੰਜਨਾ ਨੇ ਫੂਲਾਂ ਦੇਵੀ ਨੂੰ ਪਹਿਲੇ ਹੀ ਦੱਸਿਆ ਹੋਇਆ ਸੀ, ਪਰ ਉਸ ਦਿਨ ਸੰਜੂ ਨੇ ਇਸਨੂੰ ਮਜਾਕ ਬਣਾ ਕੇ ਟਾਲ ਦਿੱਤਾ।