* ਮ੍ਰਿਤਕ ਦੀ ਪਤਨੀ ਸਣੇ ਤਿੰਨ ਮੁਲਜ਼ਮ ਕਾਬੂ
ਅੰਮ੍ਰਿਤਸਰ, 13 ਜੂਨ (ਪੋਸਟ ਬਿਊਰੋ)- ਇਸ ਸ਼ਹਿਰ ਦੇ ਛੇਹਰਟਾ ਇਲਾਕੇ ਵਿੱਚ ਦੁਬਈ ਤੋਂ ਆਏ ਪਰਵਾਸੀ ਭਾਰਤੀ ਹਰਿੰਦਰ ਸਿੰਘ ਨੂੰਕੱਲ੍ਹ ਕੁਝ ਅਣਪਛਾਤੇ ਬੰਦਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਘਟਨਾ ਤੜਕੇ ਉਸ ਵੇਲੇ ਵਾਪਰੀ ਜਦੋਂ ਹਰਿੰਦਰ ਸਿੰਘ ਆਪਣੀ ਪਤਨੀ ਤੇ ਬੱਚਿਆਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।
ਇਸ ਸਬੰਧ ਵਿੱਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਲੋਕਾਂ ਦੀ ਪਛਾਣ ਅਰਸ਼ਦੀਪ ਸਿੰਘ ਪਿੰਡ ਕਾਲੇ, ਵਰਿੰਦਰ ਸਿੰਘ ਵਾਸੀ ਗੋਇੰਦਵਾਲ ਹਾਲ ਆਬਾਦ ਪਿੰਡ ਕਾਲੇ ਤੇ ਸਤਨਾਮ ਕੌਰ ਪਤਨੀ ਹਰਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਕਤਲ ਲਈ ਵਰਤੀ ਪਿਸਤੌਲ ਤੇ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਤੇ ਥਾਣਾ ਛੇਹਰਟਾ ਵਿੱਚ ਕੇਸ ਦਰਜ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ 3.30 ਵਜੇ ਵਾਪਰੀ। ਹਰਿੰਦਰ ਸਿੰਘ ਪਿਛਲੇ ਲਗਭਗ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੁਬਈ ਵਿੱਚ ਡਰਾਈਵਰੀ ਕਰਦਾ ਸੀ। ਲਗਭਗ ਦੋ ਹਫਤੇ ਪਹਿਲਾਂਉਹ ਇੱਥੇ ਆਪਣੇ ਘਰ ਆਇਆ ਸੀ। ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਦੀ ਪਤਨੀ ਸਤਨਾਮ ਕੌਰ ਨੇ ਕੱਲ੍ਹ ਸਵੇਰੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਜਾਂਚ ਕਰਦਿਆਂ 12 ਘੰਟਿਆਂ ਵਿੱਚ ਹੀ ਦੋਸ਼ੀ ਫੜ ਕੇ ਕੇਸ ਦੀ ਗੁੱਥੀ ਸੁਲਝਾ ਲਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਕਿ ਐਨ ਆਰ ਆਈ ਦਾ ਕਤਲ ਉਸ ਦੀ ਪਤਨੀ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨਾਲ ਮਿਲ ਕੇ ਕਰਾਇਆ ਹੈ। ਜਦੋਂ ਹਰਿੰਦਰ ਸਿੰਘ ਦੁਬਈ ਵਿੱਚ ਸੀ ਤਾਂ ਇੱਥੇ ਉਸ ਦੀ ਪਤਨੀ ਦੇ ਅਰਸ਼ਦੀਪ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਏ, ਜਿਸ ਦਾ ਪਤਾ ਉਸ ਦੇ ਪਤੀ ਨੂੰ ਲੱਗ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਵਰਿੰਦਰ ਸਿੰਘ ਨੂੰ ਇਸ ਕਤਲ ਲਈ 2.70 ਲੱਖ ਰੁਪਏ ਦੇਣੇ ਸਨ।