ਲੁਧਿਆਣਾ, 7 ਜੂਨ (ਪੋਸਟ ਬਿਊਰੋ)- ਪੁੱਤਰ ਨਾਲ ਮਿਲ ਕੇ ਔਰਤ ਨੇ ਚਾਕੂਆਂ ਨਾਲ ਕਈ ਵਾਰ ਕਰ ਕੇ ਪਤੀ ਨੂੰ ਮਾਰ ਦਿੱਤਾ। ਬਾਅਦ ਵਿੱਚ ਔਰਤ ਨੇ ਡਰਾਮਾ ਰਚਿਆ ਤੇ ਸਹਿਕਦੇ ਹੋਏ ਪਤੀ ਨੂੰ ਹਸਪਤਾਲ ਲੈ ਗਈ। ਉਸ ਨੇ ਡਾਕਟਰਾਂ ਨੂੰ ਕਿਹਾ ਕਿ ਪੁਰਾਣੀ ਸਰੀਰਕ ਸਮੱਸਿਆ ਕਾਰਨ ਉਸ ਦੇ ਪਤੀ ਦੀ ਤਬੀਅਤ ਵਿਗੜ ਗਈ ਹੈ। ਐਤਵਾਰ ਸ਼ਾਮ ਨੂੰ ਪੁਲਸ ਨੇ ਧਾਰਾ 174 ਦੀ ਕਾਰਵਾਈ ਕੀਤੀ, ਪਰ ਪੋਸਟਮਾਰਟਮ ਰਿਪੋਰਟ ਤੋਂ ਸਾਫ ਹੋਇਆ ਕਿ ਮ੍ਰਿਤਕ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਦੇ ਵੱਧ ਨਿਸ਼ਾਨ ਸਨ। ਇਸ ਪਿੱਛੋਂ ਥਾਣਾ ਪੁਲਸ ਨੇ ਸਤਨਾਮ ਕੌਰ (48) ਅਤੇ ਉਸ ਦੇ ਪੁੱਤਰ ਕਰਣ (18) ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸਾਹਨੇਵਾਲ ਦੇ ਕੁਲਵਿੰਦਰ ਸਿੰਘ (49) ਵਜੋਂ ਹੋਈ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਸ਼ਰਾਬ ਪੀ ਕੇ ਅਕਸਰ ਪਤਨੀ ਤੇ ਪੁੱਤਰ ਦੀ ਕੁੱਟਮਾਰ ਕਰਦਾ ਸੀ। ਕੁਲਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਪਿੱਛੋਂ ਜਾਂਚ ਲਈ ਪੁਲਸ ਹਸਪਤਾਲ ਗਈ ਤਾਂ ਸਤਨਾਮ ਕੌਰ ਤੇ ਉਸ ਦੇ ਪੁੱਤਰ ਕਰਣ ਨੇ ਪੁਲਸ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਲਵਿੰਦਰ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਸੀ।ਕੱਲ੍ਹ ਦੁਪਹਿਰ ਬਾਅਦ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਸ਼ੱਕ ਦੀ ਸੂਈ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪੁੱਤਰ ਵੱਲ ਗਈ। ਜਾਂਚ ਦੌਰਾਨ ਮੁਲਜ਼ਮਾਂ ਨੇ ਜੁਰਮ ਮੰਨ ਲਿਆ ਅਤੇਸਤਨਾਮ ਕੌਰ ਨੇ ਦੱਸਿਆ ਕਿ ਕੁਲਵਿੰਦਰ ਸ਼ਰਾਬੀ ਸੀਅ ਤੇ ਅਕਸਰ ਉਸ ਦੀ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਦਾ ਸੀ। ਐਤਵਾਰ ਨੰ ਕੁਲਵਿੰਦਰ ਨੇ ਉਸ ਕੋਲੋਂ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕੀਤੀ। ਉਸ ਨੇ ਜਦ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਹ ਉਸ ਨੂੰ ਕੁੱਟਣ ਲੱਗ ਪਿਆ। ਰੋਜ਼ ਦੀ ਕੁੱਟਮਾਰ ਤੋਂ ਤੰਗ ਆਈ ਸਤਨਾਮ ਕੌਰ ਨੇ ਪੁੱਤਰ ਦੀ ਮਦਦ ਨਾਲ ਰਸੋਈ ਵਿੱਚ ਪਿਆ ਚਾਕੂ ਚੁੱਕਿਆ ਤੇ ਕੁਲਵਿੰਦਰ ਸਿੰਘ ਉਪਰ ਕਈ ਵਾਰ ਕੀਤੇ। ਬੇਸੁੱਧ ਹੋ ਕੇ ਕੁਲਵਿੰਦਰ ਜ਼ਮੀਨ ਉੱਤੇ ਡਿੱਗ ਪਿਆ ਅਤੇ ਮਾਂ-ਪੁੱਤ ਉਸ ਨੂੰ ਹਸਪਤਾਲ ਲੈ ਗਏ।