ਅੰਮ੍ਰਿਤਸਰ, 2 ਜੂਨ (ਪੋਸਟ ਬਿਊਰੋ)- ਇੱਥੋਂ ਦੇ ਖਾਲਸਾ ਕਾਲਜ ਮੂਹਰੇ ਕੱਲ੍ਹ ਬਾਅਦ ਦੁਪਹਿਰ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੋ ਗਿਆ ਹੈ। ਗੋਲੀ ਲੱਗਣ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਅਤੇ ਜ਼ਖਮੀ ਨੌਜਵਾਨ ਦਾ ਨਾਂਅ ਗੁਰਸਿਮਰਨ ਸਿੰਘ ਹੈ।
ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਤੇ ਇਨ੍ਹਾਂ ਦੋਵਾਂ ਨੌਜਵਾਨਾਂ ਵਿਚਾਲੇ ਕਿਸੇ ਗੱਲ ਬਾਰੇ ਝਗੜਾ ਹੋਣ ਮਗਰੋਂ ਗੋਲੀ ਚੱਲੀ ਸੀ। ਹਮਲਾਵਰਾਂ ਦੀ ਗੋਲੀ ਨਾਲ ਲਵਪ੍ਰੀਤ ਤੇ ਗੁਰਸਿਮਰਨ ਸਿੰਘ ਦੋਵੇਂ ਜ਼ਖਮੀ ਹੋ ਗਏ। ਇਨ੍ਹਾਂ ਨੂੰ ਨੇੜੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ (24) ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ ਤੇ ਉਹ ਕੁਸ਼ਤੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਹੈ। ਉਹ ਅੱਜਕੱਲ੍ਹ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰ ਰਿਹਾ ਸੀ। ਕੱਲ੍ਹ ਉਹ ਆਪਣੇ ਇੱਕ ਮਿੱਤਰ ਗੁਰਸਿਮਰਨ ਸਿੰਘ ਨਾਲ ਇੱਥੇ ਆਇਆ ਸੀ। ਇਸੇ ਦੌਰਾਨ ਜੰਡਿਆਲਾ ਵਾਸੀ ਪੰਜ-ਛੇ ਨੌਜਵਾਨਾਂ ਨਾਲ ਕਿਸੇ ਗੱਲ ਬਾਰੇ ਝਗੜੇ ਕਾਰਨ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਲਵਪ੍ਰੀਤ ਦੇ ਤਿੰਨ ਗੋਲੀਆਂ ਲੱਗੀਆਂ ਹਨ, ਜੋ ਉਸ ਲਈ ਜਾਨਲੇਵਾ ਸਾਬਤ ਹੋਈਆਂ। ਦੂਜੇ ਨੌਜਵਾਨ ਦੇ ਇੱਕ ਗੋਲੀ ਲੱਗੀ ਤੇ ਉਸ ਦੀ ਹਾਲਤ ਸਥਿਰ ਹੈ। ਉਸ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਵੀ ਗੁਰਸਿਮਰਨ ਸਿੰਘ ਅਤੇ ਦੂਜੀ ਧਿਰ ਵਿਚਾਲੇ ਕਿਸੇ ਗੱਲ ਬਾਰੇ ਤਕਰਾਰ ਹੋਈ ਸੀ, ਪਰ ਦੋਵਾਂ ਵਿਚਾਲੇ ਬਾਅਦ ਵਿੱਚ ਸੁਲ੍ਹਾ-ਸਫਾਈ ਹੋ ਗਈ, ਪਰ ਕੱਲ੍ਹ ਮੁੜ ਦੂਜੀ ਧਿਰ ਨੇ ਹਮਲਾ ਕਰ ਦਿੱਤਾ।
ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਅਤੇ ਜ਼ਖਮੀ ਨੌਜਵਾਨ ਕੋਲ ਵੀ ਰਿਵਾਲਵਰ ਸੀ। ਮੌਕੇ ਉੱਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਿਸ ਜਗ੍ਹਾ ਘਟਨਾ ਵਾਪਰੀ, ਉਥੇ ਕਾਰਾਂ ਲੱਗੀਆਂ ਹੋਈਆਂ ਸਨ। ਅਚਾਨਕ ਗੋਲੀਆਂ ਦੀ ਆਵਾਜ਼ ਆਈ ਅਤੇ ਫਿਰ ਨੌਜਵਾਨ ਪੁਤਲੀਘਰ ਵੱਲ ਭੱਜੇ, ਜਦ ਕਿ ਦੋ ਨੌਜਵਾਨ ਜ਼ਖਮੀ ਸਨ, ਜਿਨ੍ਹਾਂ ਦਾ ਖੂਨ ਵਗ ਰਿਹਾ ਸੀ। ਇਸ ਨੂੰ ਪੁਲਸ ਕਮਿਸ਼ਨਰ ਨੇ ਨਿੱਜੀ ਰੰਜਿਸ਼ ਦਾ ਮਾਮਲਾ ਅਤੇ ਵਿਦਿਆਰਥੀਆਂ ਦਾ ਝਗੜਾ ਆਖਿਆ। ਉਨ੍ਹਾਂ ਕਿਹਾ ਕਿ ਇਹ ਗੈਂਗਵਾਰ ਨਹੀਂ। ਜ਼ਖਮੀ ਤੇ ਮ੍ਰਿਤਕ ਨੌਜਵਾਨ ਦੋਵੇਂ ਬਟਾਲਾ ਦੇ ਹਨ। ਪੁਲਸ ਨੇ ਇਸ ਬਾਰੇ ਕੇਸ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਗੋਲੀਆਂ ਚਲਾਉਣ ਵਾਲਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਦੀਆਂ ਇੱਕ ਲੜਕੀ ਨਾਲ ਤਸਵੀਰਾਂ ਸਨ, ਜਿਸ ਉੱਤੇ ਦੂਜੀ ਧਿਰ ਨੂੰ ਇਤਰਾਜ਼ ਸੀ ਤੇ ਉਨ੍ਹਾਂ ਗੋਲੀਆਂ ਚਲਾਈਆਂ ਸਨ।