ਦਸੂਹਾ, 1 ਜੂਨ (ਪੋਸਟ ਬਿਊਰੋ)- ਨੇੜਲੇ ਪਿੰਡ ਕੁਲਾਰਾਂ ਦੇ ਇੱਕ ਵਿਅਕਤੀ ਨੇ ਕਿਸੇ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਆਪਣੇ ਘਰ ਵਿੱਚ ਬਣਾਏ ਹੋਏ ਗਟਰ ਵਿੱਚ ਸੁੱਟ ਦਿੱਤਾ।
ਮ੍ਰਿਤਕ ਦੇ ਭਰਾ ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ ਨੇ ਦਸਿਆ ਕਿ ਉਸ ਦੇ ਭਰਾ ਓਮ ਪ੍ਰਕਾਸ਼,ਜਿਸ ਦਾ 10 ਸਾਲ ਪਹਿਲਾਂ ਮਨਦੀਪ ਕੌਰ ਨਾਲ ਵਿਆਹ ਹੋਇਆ ਸੀ, ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈ, ਉਸ ਦੀ ਪਤਨੀ ਮਨਦੀਪ ਕੌਰ ਆਪਣੀਆਂ ਲੜਕੀਆਂ ਨਾਲ ਪੇਕੇ ਪਿੰਡ ਰਹਿੰਦੀ ਹੈ। ਓਮ ਪ੍ਰਕਾਸ਼ ਸਾਡੇ ਨਾਲ ਘਰ ਵਿੱਚ ਰਹਿੰਦਾ ਸੀ। 26 ਮਈ ਨੂੰ ਗੁਆਂਢੀ ਸੁਰਜੀਤ ਸਿੰਘ ਉਰਫ਼ ਸੀਤਾ ਸਾਡੇ ਘਰ ਆਇਆ ਤੇ ਓਮ ਪ੍ਰਕਾਸ਼ ਨੂੰ ਆਪਣੇ ਨਾਲ ਦਸੂਹਾ ਕੰਮ ਉੱਤੇ ਲੈ ਗਿਆ। ਫਿਰ ਓਮ ਪ੍ਰਕਾਸ਼ ਘਰ ਨਹੀਂ ਆਇਆ, ਪਰ ਸੁਰਜੀਤ ਸਿੰਘ ਆ ਗਿਆ। ਉਸ ਨੂੰ ਮੇਰੀ ਮਾਤਾ ਸੰਤੋਸ਼ ਕੁਮਾਰੀ ਨੇ ਓਮ ਪ੍ਰਕਾਸ਼ ਬਾਰੇ ਪੁੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਮਿਸਤਰੀ ਨਾਲ ਉਸ ਦੇ ਘਰ ਚਲਾ ਗਿਆ ਹੈ। ਦੂਸਰੇ ਦਿਨ ਵੀ ਓਮ ਪ੍ਰਕਾਸ਼ ਘਰ ਨਹੀਂ ਆਇਆ ਤਾਂ ਅਸੀਂ ਓਮ ਪ੍ਰਕਾਸ਼ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ।
ਸੁਰਜੀਤ ਵੀ ਦੋ ਦਿਨ ਬਾਅਦ ਆਪਣੇ ਘਰੋਂ ਫ਼ਰਾਰ ਹੋ ਗਿਆ। ਗੁਆਂਢ ਵਿੱਚ ਰਹਿ ਰਹੇ ਵਿਅਕਤੀਆਂ ਨੇ ਪਿੰਡ ਦੇ ਸਰਪੰਚ ਨੂੰ ਦੱਸਿਆ ਕਿ ਸੁਰਜੀਤ ਫ਼ਰਾਰ ਹੈ ਪਰ ਇਸ ਦੇ ਘਰ ਵਿੱਚ ਬਣੇ ਗਟਰ ਤੋਂ ਬਹੁਤ ਭੈੜੀ ਬਦਬੂ ਆ ਰਹੀ ਹੈ। ਜਦੋਂ ਸੁਰਜੀਤ ਦੇ ਘਰ ਵਿੱਚ ਬਣਿਆ ਗਟਰ ਦਾ ਢੱਕਣ ਸਰਪੰਚ ਪਰਮਜੀਤ ਸਿੰਘ ਦੀ ਹਾਜਰੀ ਵਿੱਚ ਚੁੱਕ ਕੇ ਦੇਖਿਆ ਤਾਂ ਗਟਰ ਵਿੱਚ ਮੂਧੇ ਮੂੰਹ ਲਾਸ਼ ਪਈ ਸੀ। ਉਸ ਵਕਤ ਮੁਹੱਲਾ ਨਿਵਾਸੀ ਦੀ ਮਦਦ ਨਾਲ ਗਟਰ ਨੂੰ ਪੁੱਟਿਆ ਤਾਂ ਜਦੋਂ ਲਾਸ਼ ਕੱਢ ਕੇ ਬਾਹਰ ਰੱਖੀ ਤਾਂ ਪਤਾ ਲੱਗਾ ਕਿ ਇਹ ਲਾਸ਼ ਓਮ ਪ੍ਰਕਾਸ਼ ਦੀ ਹੈ।