-ਕਿਹਾ, ਅਦਾਲਤ ਦੇ ਨਿਯਮ ਕਰ ਰਹੇ ਚਾਰਟਰ ਅਧਿਕਾਰਾਂ ਦੀ ਉਲੰਘਣਾ
ਓਂਟਾਰੀਓ, 10 ਅਪ੍ਰੈਲ (ਪੋਸਟ ਬਿਊਰੋ): ਇੰਟੀਮੇਟ ਪਾਰਟਨਰ ਵਾਇਲੈਂਸ (ੀਫੜ) ਅਤੇ ਜਿਣਸੀ ਹਮਲੇ ਤੋਂ ਬਚੇ ਲੋਕਾਂ ਦਾ ਸਮੂਹ ਕੈਨੇਡੀਅਨ ਸਰਕਾਰ 'ਤੇ 15 ਮਿਲੀਅਨ ਡਾਲਰ ਦਾ ਮੁਕੱਦਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਨਿਯਮ ਨਾਲ ਉਨ੍ਹਾਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕੈਟ ਅਲੈਗਜ਼ੈਂਡਰ ਨੇ 31 ਮਾਰਚ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਕਦਮਾਂ 'ਤੇ ਕਿਹਾ ਕਿ ਕੈਨੇਡਾ ਰੋਕਥਾਮ ਯੋਗ ਮੌਤਾਂ ਦਾ ਕਬਰਿਸਤਾਨ ਬਣ ਗਿਆ ਹੈ। ਇਸ ਵਿਚ ਤੁਰੰਤ ਨਿਆਂਇਕ ਸੁਧਾਰ ਹੋਣਾ ਚਾਹੀਦਾ ਹੈ। 33 ਸਾਲਾ ਅਲੈਗਜ਼ੈਂਡਰ, ਓਟਵਾ ਦੀ ਫੈਡਰਲ ਅਦਾਲਤ ਵਿੱਚ ਪਿਛਲੇ ਹਫ਼ਤੇ ਦਾਇਰ ਕੀਤੇ ਮੁਕੱਦਮੇ ਵਿੱਚ ਨਾਮਜ਼ਦ 14 ਮੁਦੱਈਆਂ ਵਿੱਚੋਂ ਇੱਕ ਹੈ। 2021 ਵਿੱਚ ਕੈਟਲਿਨ ਨੂੰ ਉਸ ਨਾਲ ਦੁਰਵਿਵਹਾਰ ਕਰਨ ਵਾਲੇ ਵੱਲੋਂ ਲਗਭਗ ਕੁੱਟ-ਕੁੱਟ ਕੇ ਮਰਨ ਲਈ ਛੱਡ ਦਿੱਤਾ ਗਿਆ ਸੀ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ 'ਤੇ ਕਈ ਅਪਰਾਧਕ ਦੋਸ਼ ਲਾਏ ਗਏ ਸਨ, ਪਰ ਜਾਰਡਨ ਦੇ ਕਾਨੂੰਨ ਅਤੇ ਅਦਾਲਤੀ ਬੈਕਲਾਗ ਦੇ ਕਾਰਨ ਉਸ ਖਿਲਾਫ਼ ਸਬੂਤਾਂ ਦੇ ਬਾਵਜੂਦ ਜਿ਼ਆਦਾਤਰ ਦੋਸ਼ਾਂ 'ਤੇ ਰੋਕ ਲਗਾ ਦਿੱਤੀ ਗਈ ਸੀ।
ਅਲੈਗਜ਼ੈਂਡਰ ਨੇ ਕਿਹਾ ਕਿ ਉਸਦੇ ਘਰ, ਜਿੱਥੇ ਉਸ 'ਤੇ ਹਮਲਾ ਹੋਇਆ ਸੀ, ਖੂਨ ਲੱਗਾ ਹੋਣ ਦੇ ਬਾਵਜੂਦ, ਉਸਦੇ ਸਾਬਕਾ ਪਤੀ ਨੂੰ ਅਗਲੇ ਦਿਨ 500 ਡਾਲਰ ਵਿੱਚ ਜੇਲ੍ਹ ਤੋਂ ਬਾਹਰ ਕਰ ਦਿੱਤਾ ਗਿਆ। ਪਹਿਲਾਂ ਫੜ੍ਹਨ ਅਤੇ ਬਾਅਦ ਵਿਚ ਰਿਹਾਈ ਦੀਆਂ ਨੀਤੀਆਂ ਸਹੀ ਨਹੀਂ ਹਨ, ਜਿਨ੍ਹਾਂ ਨੂੰ ਹੁਣ ਬਦਲਣਾ ਪਵੇਗਾ। ਸੌਲਟ ਸਟੀ. ਮੈਰੀ, ਓਂਟਾਰੀਓ ਦੇ ਦੋ ਪਿਤਾ, ਜਿਨ੍ਹਾਂ ਦੀਆਂ ਧੀਆਂ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਮਾਰ ਦਿੱਤਾ ਗਿਆ ਸੀ, ਨੂੰ ਵੀ ਮੁਕੱਦਮੇ ਵਿੱਚ ਮੁਦੱਈ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਟੋਰਾਂਟੋ ਦੇ ਸਮੂਹ ਦੀ ਵਕੀਲ ਕੈਥਰੀਨ ਮਾਰਸ਼ਲ ਨੇ ਪਿਛਲੇ ਹਫ਼ਤੇ ਦੀ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਜਾਰਡਨ ਦੇ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੈਂਕੜੇ ਦੋਸ਼ ਖਾਰਜ ਕਰ ਦਿੱਤੇ ਗਏ ਹਨ ਜਾਂ ਰੋਕ ਦਿੱਤੇ ਗਏ ਹਨ। ਮੁਕੱਦਮੇ ਤੋਂ ਇੱਕ ਦਿਨ ਪਹਿਲਾਂ ਪੀੜਤਾਂ ਨੂੰ ਦੱਸਿਆ ਗਿਆ ਸੀ ਕਿ ਦੋਸ਼ਾਂ 'ਤੇ ਰੋਕ ਲਗਾਈ ਗਈ ਹੈ ਕਿਉਂਕਿ ਸਮਾਂ-ਸੀਮਾਵਾਂ ਜਾਰਡਨ ਦੇ ਫੈਸਲੇ ਨਾਲ ਵਧ ਗਈਆਂ ਹਨ। ਕੋਈ ਨਿਆਂ ਜਾਂ ਜਵਾਬਦੇਹੀ ਨਹੀਂ, ਦੁਰਵਿਵਹਾਰ ਕਰਨ ਵਾਲਾ ਆਜ਼ਾਦ ਘੁੰਮਦਾ ਹੈ, ਇਹ ਹਰ ਜਗ੍ਹਾ ਹੋ ਰਿਹਾ ਹੈ।