ਓਟਵਾ, 10 ਅਪ੍ਰੈਲ (ਪੋਸਟ ਬਿਊਰੋ): ਪਿਛਲੇ ਵੀਕਐਂਡ `ਤੇ ਓਟਵਾ ਦੇ ਵੈਸਟ ਐਂਡ ਵਿੱਚ ਦਿਨ ਵੇਲੇ ਹੋਈ ਘਾਤਕ ਗੋਲੀਬਾਰੀ ਦੇ ਸਬੰਧ ਵਿੱਚ ਓਟਵਾ ਦੇ 22 ਸਾਲਾ ਓਸਮਾਨ ਯਾਰੇ ‘ਤੇ ਫਰਸਟ-ਡਿਗਰੀ ਕਤਲ ਦੇ ਦੋਸ਼ ਲੱਗੇ ਹਨ। ਓਟਵਾ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਐਤਵਾਰ ਸਵੇਰੇ ਲਗਭਗ 9:30 ਵਜੇ ਕ੍ਰੇਗ ਹੈਨਰੀ ਡਰਾਈਵ ਦੇ 300 ਬਲਾਕ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ ਸਨ। ਇਸ ਦੌਰਾਨ ਓਟਵਾ ਦੇ 20 ਸਾਲਾ ਮਹਾਦ ਐਲਮੀ ਦੀ ਮੌਤ ਹੋ ਗਈ। ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਮੰਗਲਵਾਰ ਨੂੰ ਪੁਲਿਸ ਨੇ ਕਤਲ ਦੇ ਸਬੰਧ ਵਿੱਚ ਇੱਕ ਗੱਡੀ ਦੀ ਤਸਵੀਰ ਜਾਰੀ ਕੀਤੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸ਼ੱਕੀ ਵਾਹਨ ਹੈ।
ਬੁੱਧਵਾਰ ਨੂੰ, ਪੁਲਿਸ ਨੇ ਕਿਹਾ ਕਿ ਗੱਡੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਕਤ ਸ਼ੱਕੀ 'ਤੇ ਦੋਸ਼ ਲਾਏ ਗਏ ਹਨ। ਇਹ ਓਟਵਾ ਦਾ ਇਸ ਸਾਲ ਦਾ 10ਵਾਂ ਕਤਲ ਅਤੇ ਨੌਂ ਦਿਨਾਂ ਵਿੱਚ ਪੰਜਵਾਂ ਕਤਲ ਹੈ।