ਟੋਰਾਂਟੋ, 8 ਅਪ੍ਰੈਲ (ਪੋਸਟ ਬਿਊਰੋ): ਈਟੋਬੀਕੋਕ ਵਿੱਚ ਇੱਕ ਕਾਰ ਚਾਲਕ ਵੱਲੋਂ 11 ਵਾਹਨਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਇੱਕ ਜੈਗੁਆਰ ਦੇ ਡਰਾਈਵਰ ਨੂੰ ਕਈ ਵਾਹਨਾਂ ਨਾਲ ਟਕਰਾਉਣ ਤੋਂ ਕੁਝ ਪਲ ਪਹਿਲਾਂ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਨਾਲ ਦੇਖਿਆ ਗਿਆ ਸੀ। ਹਾਦਸੇ ਵਿਚ ਕਈ ਲੋਕ ਜ਼ਖ਼ਮੀ ਜ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਪਲਿੰਗ ਐਵੇਨਿਊ ਅਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਦੇ ਨੇੜੇ ਨਿਊ ਟੋਰਾਂਟੋ ਇਲਾਕੇ ਵਿੱਚ ਲਗਭਗ 3 ਵਜੇ ਕਈ ਵਾਹਨਾਂ ਦੀ ਟੱਕਰ ਦੀਆਂ ਰਿਪੋਰਟ ਮਿਲੀ ਸੀ।
ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ, ਗੈਰ-ਜਾਨਲੇਵਾ ਸੱਟਾਂ ਨਾਲ ਟਰਾਮਾ ਸੈਂਟਰ ਲਿਜਾਇਆ ਗਿਆ ਜਦੋਂ ਕਿ ਦੋ ਹੋਰ ਪੀੜਤਾਂ ਨੂੰ ਮਾਮੂਲੀ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਇਹ ਵੀ ਕਿਹਾ ਕਿ ਜ਼ਖਮੀ ਹੋਏ ਸਾਰੇ ਲੋਕ ਇੱਕ ਵਾਹਨ ਵਿੱਚ ਸਨ ਅਤੇ ਕੋਈ ਵੀ ਪੈਦਲ ਯਾਤਰੀ ਜ਼ਖਮੀ ਨਹੀਂ ਹੋਇਆ।
ਪੁਲਿਸ ਦੇ ਅਨੁਸਾਰ, ਇੱਕ 31 ਸਾਲਾ ਪੁਰਸ਼ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਮੋਟਰ ਵਾਹਨ ਦੇ ਖਤਰਨਾਕ ਸੰਚਾਲਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਦੀ ਜਾਂਚ ਦੌਰਾਨ 507 ਲੌਂਗ ਬ੍ਰਾਂਚ ਸਟ੍ਰੀਟ ਕਾਰ ਅਤੇ 508 ਲੇਕ ਸ਼ੋਰ ਸਟ੍ਰੀਟਕਾਰ ਅਸਥਾਈ ਤੌਰ 'ਤੇ ਸੇਵਾ ਤੋਂ ਬਾਹਰ ਸਨ।