ਵਾਸਿ਼ੰਗਟਨ, 6 ਮਾਰਚ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਰੇ ਬੰਧਕਾਂ ਨੂੰ ਹੁਣੇ ਰਿਹਾਅ ਕਰੇ, ਬਾਅਦ ਵਿੱਚ ਨਹੀਂ। ਜਿਨ੍ਹਾਂ ਲੋਕਾਂ ਨੂੰ ਤੁਸੀਂ ਮਾਰਿਆ ਹੈ, ਉਨ੍ਹਾਂ ਦੀਆਂ ਲਾਸ਼ਾਂ ਤੁਰੰਤ ਵਾਪਿਸ ਕਰ ਦਿਓ ਨਹੀਂ ਤਾਂ ਤੁਹਾਡਾ ਕੰਮ ਖਤਮ ਹੋ ਜਾਵੇਗਾ। ਸਿਰਫ਼ ਬਿਮਾਰ ਅਤੇ ਵਿਗੜੇ ਹੋਏ ਲੋਕ ਹੀ ਲਾਸ਼ਾਂ ਰੱਖਦੇ ਹਨ। ਤੁਸੀਂ ਬਿਮਾਰ ਅਤੇ ਵਿਗੜੇ ਹੋਏ ਹੋ।
ਵ੍ਹਾਈਟ ਹਾਊਸ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਗਾਜ਼ਾ ਬੰਧਕਾਂ ਦੇ ਮੁੱਦੇ `ਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਾ ਅਤੇ ਹਮਾਸ ਵਿਚਕਾਰ ਸਿੱਧੀ ਗੱਲਬਾਤ ਹੋਈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਸੀ ਕਿ ਗੱਲਬਾਤ ਤੋਂ ਪਹਿਲਾਂ ਇਜ਼ਰਾਈਲ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਸੀ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਹਾਲੇ ਵੀ ਲਗਭਗ 24 ਜਿ਼ੰਦਾ ਬੰਧਕ ਹਨ। ਇਨ੍ਹਾਂ ਵਿੱਚ ਇੱਕ ਅਮਰੀਕੀ ਨਾਗਰਿਕ, ਏਡੇਨ ਅਲੈਗਜ਼ੈਂਡਰ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ, ਘੱਟੋ-ਘੱਟ 35 ਹੋਰ ਲੋਕ ਵੀ ਸ਼ਾਮਿਲ ਹਨ।