ਵੈਨਕੂਵਰ, 27 ਮਾਰਚ (ਪੋਸਟ ਬਿਊਰੋ): ਮੈਕਡਾਨਲਡਜ਼ ਰੈਸਤਰਾਂ ਦਾ ਕਈ ਦਹਾਕੇ ਪੁਰਾਣਾ ਫਲੋਟਿੰਗ ਹਾਊਸ ਰੈਸਤਰਾਂ “ਮੈਕਬਾਰਜ” ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਪਲਟ ਗਿਆ। ਬੁੱਧਵਾਰ ਨੂੰ ਮੈਪਲ ਰਿਜ ਕਮਿਉਨਿਟੀ ਦੇ ਕੋਲ ਇਸ ਨੂੰ ਅੰਸਿ਼ਕ ਰੂਪ ਨਾਲ ਡੁੱਬਿਆ ਹੋਇਆ ਦੇਖਿਆ ਗਿਆ। ਇਸ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ।
ਸੰਭਾਵਤ ਵਾਤਾਵਰਣ ਚਿੰਤਾਵਾਂ ਬਾਰੇ ਪੁੱਛੇ ਜਾਣ ‘ਤੇ ਬੀ.ਸੀ. ਸਰਕਾਰ ਨੇ ਕਿਹਾ ਕਿ ਕੈਨੇਡੀਅਨ ਕੋਸਟ ਗਾਰਡ ਨੇ 2023 ਵਿੱਚ ਸੀਬੋਰਨ ਦਾ ਲੇਖਾ ਜੋਖਾ ਕੀਤਾ ਸੀ ਅਤੇ ਇਸ ਨੂੰ ਖਤਰਨਾਕ ਜਹਾਜ਼ਾਂ ਦੀ ਰਾਸ਼ਟਰੀ ਸੂਚੀ ਤੋਂ ਹਟਾ ਦਿੱਤਾ ਸੀ। ਵਾਤਾਵਰਣ ਅਤੇ ਪਾਰਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸੀਬੋਰਨ ਵਿੱਚ ਕੋਈ ਪ੍ਰਦੂਸ਼ਕ ਸਮੱਗਰੀ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਸੂਬਾ ਪਲਟੇ ਵੈਸਲ ਦੀ ਹਾਲਤ ਦੀ ਨਿਗਰਾਨੀ ਕਰੇਗਾ।
ਦੱਸ ਦੇਈਏ, 1986 ਦੇ ਵਰਲਡ ਐਕਸਪੋ ਦੌਰਾਨ ਫਲੋਟਿੰਗ ਰੈਸਤਰਾਂ ਨੂੰ ਆਧਿਕਾਰਿਕ ਤੌਰ ਉੱਤੇ ਫਰੈਂਡਸ਼ਿਪ 500 ਦਾ ਨਾਮ ਦਿੱਤਾ ਗਿਆ ਸੀ, ਜੋ ਕਿ ਵੈਨਕੁਵਰ ਦੇ ਫਾਲਸ ਕਰੀਕ ਤੋਂ ਫਾਸਟ ਫੂਡ ਪਰੋਸਦਾ ਸੀ। ਹਾਲਾਂਕਿ ਮੈਕਡਾਨਲਡਜ਼ ਨੇ ਸ਼ੁਰੂ ਵਿੱਚ ਇਸ ਪ੍ਰਬੰਧ ਤੋਂ ਬਾਅਦ ਕਈ ਸਾਲਾਂ ਤੱਕ ਮੈਕਬਾਰਜ ਨੂੰ ਖੁੱਲ੍ਹਾ ਰੱਖਣ ਦੀ ਯੋਜਨਾ ਬਣਾਈ ਸੀ, ਪਰ ਉਨ੍ਹਾਂ ਯੋਜਨਾਵਾਂ ਨੂੰ ਛੇਤੀ ਹੀ ਛੱਡ ਦਿੱਤਾ ਗਿਆ ਅਤੇ ਇਹ ਰੈਸਤਰਾਂ ਕਈ ਦਹਾਕਿਆਂ ਤੱਕ ਖਾਲੀ ਪਿਆ ਰਿਹਾ। 2015 ਵਿੱਚ ਇਸਨੂੰ ਮੁਰੰਮਤ ਲਈ ਮੈਪਲ ਰਿਜ ਉੱਤੇ ਲਿਜਾਇਆ ਗਿਆ ਸੀ।