ਓਟਵਾ, 27 ਮਾਰਚ (ਪੋਸਟ ਬਿਊਰੋ) : ਸਟਿਟਸਵਿਲੇ ਵਿੱਚ ਬੁੱਧਵਾਰ ਦੁਪਹਿਰ ਨੂੰ ਲੱਗੀ ਅੱਗ ਵਿੱਚ ਓਟਾਵਾ ਦੇ ਦੋ ਫਾਇਰ ਫਾਈਟਰ ਜ਼ਖ਼ਮੀ ਹੋ ਗਏ। ਓਟਾਵਾ ਫਾਇਰ ਬ੍ਰਿਗੇਡ ਸੇਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 1:28 ਵਜੇ ਸ਼ੀਆ ਰੋਡ ਦੇ ਕੋਲ ਫਰਨਬੈਂਕ ਰੋਡ ਦੇ 5000 ਬਲਾਕ ਵਿੱਚ ਇੱਕ 911 ਕਾਲਰ ਵੱਲੋ ਇੱਕ ਸਿੰਗਲ ਪਰਿਵਾਰ ਦੇ ਘਰ ਦੀ ਛੱਤ ਤੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ ਗਈ ਸੀ।
ਮੌਕੇ `ਤੇ ਪੁੱਜਣ ‘ਤੇ ਫਾਇਰ ਫਾਈਟਰਾਂ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਭਾਰੀ ਧੂੰਆਂ ਨਿਕਲਦਾ ਪਾਇਆ। ਵਿਭਾਗੀ ਬੁਲਾਰੇ ਨਿਕ ਡੇਫਾਜਯੋ ਅਨੁਸਾਰ, ਅੱਗ ਨਾਲ ਜੂਝਦਿਆਂ ਦੋ ਫਾਇਰ ਫਾਈਟਰ ਪਹਿਲੀ ਮੰਜ਼ਿਲ ਤੋਂ ਡਿੱਗ ਗਏ। ਇੱਕ ਜਣਾ ਲੱਕੜੀ ਦੇ ਚੁੱਲ੍ਹੇ ਦੇ ਨਾਲ ਸਿੱਧੇ ਬੇਸਮੇਂਟ ਵਿੱਚ ਜਾ ਡਿੱਗਿਆ ਅਤੇ ਉਸਦੇ ਪੈਰ ਵਿੱਚ ਮਾਮੂਲੀ ਸੱਟ ਲੱਗੀ, ਜਦੋਂ ਕਿ ਦੂਜੇ ਦੀ ਪਸਲੀ ਵਿੱਚ ਸੱਟ ਲੱਗੀ। ਪੈਰਾਮੇਡਿਕਸ ਦੇ ਬੁਲਾਰੇ ਨੇ ਦੱਸਿਆ ਕਿ ਦੋ ਦੋਵਾਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਅੱਗ ਅਜਿਹੇ ਖੇਤਰ ‘ਚ ਲੱਗੀ ਸੀ ਜਿੱਥੇ ਕੋਈ ਹਾਇਡਰੈਂਟ ਨਹੀਂ ਸੀ, ਜਿਸ ਨਾਲ ਮੁਲਾਜ਼ਮਾਂ ਨੂੰ ਘਟਨਾ ਸਥਾਨ ਉੱਤੇ ਪਾਣੀ ਲਿਆਉਣ ਲਈ ਵਾਟਰ ਸ਼ਟਲ ਸਿਸਟਮ ਦੀ ਵਰਤੋਂ ਕਰਨੀ ਪਈ। ਸ਼ਾਮ 5:30 ਵਜੇ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ। ਓਟਾਵਾ ਪੁਲਿਸ ਨੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਉਸ ਖੇਤਰ ਤੋਂ ਦੂਰ ਰਹਿਣ ਲਈ ਕਿਹਾ। ਅੱਗ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।