ਸਿਓਲ, 5 ਮਾਰਚ (ਪੋਸਟ ਬਿਊਰੋ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਵਿੱਚ ਅਮਰੀਕਾ ਦਾ ਜਹਾਜ਼ ਢੋਣ ਵਾਲੇ ਬੇੜਾ ਪਹੁੰਚਣ ਅਤੇ ਹੋਰ ਫੌਜੀ ਸਰਗਰਮੀਆਂ ’ਤੇ ਅੱਜ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਇਸ ਨੂੰ ਅਮਰੀਕਾ ਤੇ ਉਸ ਦੀਆਂ ਕਥਿਤ ਕਠਪੁਤਲੀਆਂ ਦਾ ਟਕਰਾਅ ਭੜਕਾਉਣ ਵਾਲਾ ਕਦਮ ਕਰਾਰ ਦਿੱਤਾ।
ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਬਿਆਨ ’ਚ ਕਿਮ ਯੋ ਜੋਂਗ ਨੇ ਅਮਰੀਕਾ ’ਤੇ ਦੋਸ਼ ਲਾਇਆ ਕਿ ਉਹ ਯੂਐੱਸਐੱਸ ਕਾਰਲ ਵਿਨਸਨ ਅਤੇ ਅਮਰੀਕੀ ਫੌਜ ਦੇ ਹੋਰ ਤਾਕਤਵਰ ਹਥਿਆਰਾਂ ਦੀ ਤਾਇਨਾਤੀ ਨਾਲ ਉੱਤਰ ਕੋਰੀਆ ਪ੍ਰਤੀ ‘ਆਪਣੀ ਸਭ ਤੋਂ ਵੱਧ ਦੁਸ਼ਮਣੀ ਅਤੇ ਟਕਰਾਅ ਵਾਲੀ ਇੱਛਾ’’ ਸਪੱਸ਼ਟ ਤੌਰ ’ਤੇ ਜ਼ਾਹਿਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰੀਆ ਪ੍ਰਾਇਦੀਪ ’ਚ ਅਮਰੀਕੀ ਰਣਨੀਤਕ ਸਾਧਨਾਂ ਦੀ ਤਾਇਨਾਤੀ ਉੱਤਰੀ ਕੋਰੀਆ ਦੀ ਸੁਰੱਖਿਆ ’ਤੇ ਉਲਟ ਅਸਰ ਪਾਉਂਦੀ ਹੈ ਤੇ ਉੱਤਰੀ ਕੋਰੀਆ ਰਣਨੀਤਕ ਪੱਧਰ ’ਤੇ ਦੁਸ਼ਮਣ ਦੇ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਵਾਲੇ ਕਦਮਾਂ ਦੀ ਜਾਂਚ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਦਾ ਜਹਾਜ਼ ਢੋਣ ਵਾਲਾ ਬੇੜਾ ਯੂਐੱਸਐੱਸ ਕਾਰਲ ਵਿਨਸਨ ਤੇ ਉਸ ਦਾ ਸਟਰਾਈਕ ਗਰੁੱਪ ਦੱਖਣੀ ਕੋਰੀਆ ਪਹੁੰਚਿਆ ਹੈ।
ਕਿਮ ਯੋ ਜੋਂਗ ਦੀ ਚਿਤਾਵਨੀ ਦਾ ਮਤਲਬ ਹੈ ਕਿ ਉੱਤਰੀ ਕੋਰੀਆ ਹਥਿਆਰਾਂ ਦੀ ਪਰਖ ਸਬੰਧੀ ਸਰਗਰਮੀਆਂ ’ਚ ਤੇਜ਼ੀ ਲਿਆਵੇਗਾ ਅਤੇ ਅਮਰੀਕਾ ਵਿਰੁੱਧ ਟਕਰਾਅ ਦਾ ਰੁਖ਼ ਬਰਕਰਾਰ ਰੱਖੇਗਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੂਟਨੀਤੀ ਸੁਰਜੀਤ ਕਰਨ ਲਈ ਕਿਮ ਜੋਂਗ ਉਨ ਨਾਲ ਰਾਬਤਾ ਕਰਨਗੇ।