ਵਾਸਿ਼ੰਗਟਨ, 5 ਮਾਰਚ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਤੋਂ ਭਾਰਤ 'ਤੇ ਜੈਸਾ ਕੋ ਤੈਸਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਟੈਰਿਫ ਲੈਂਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਾਂ।
ਉਨ੍ਹਾਂ ਨੇ ਇਹ ਐਲਾਨ ਬੁੱਧਵਾਰ ਸਵੇਰੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਕੀਤਾ। ਉਨ੍ਹਾਂ ਨੇ 1 ਘੰਟਾ 44 ਮਿੰਟ ਦਾ ਰਿਕਾਰਡ ਭਾਸ਼ਣ ਦਿੱਤਾ। ਆਪਣੇ ਪਿਛਲੇ ਕਾਰਜਕਾਲ ਵਿੱਚ, ਉਨ੍ਹਾਂ ਨੇ ਸਿਰਫ਼ 1 ਘੰਟੇ ਲਈ ਭਾਸ਼ਣ ਦਿੱਤਾ ਸੀ।
ਟਰੰਪ ਨੇ ਆਪਣਾ ਭਾਸ਼ਣ 'ਅਮਰੀਕਾ ਇਜ਼ ਬੈਕ’ ਨਾਲ ਸ਼ੁਰੂ ਕੀਤਾ, ਜਿਸਦਾ ਅਰਥ ਹੈ 'ਅਮਰੀਕਾ ਦਾ ਦੌਰ ਵਾਪਿਸ ਆ ਗਿਆ ਹੈ'। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ਵਿੱਚ ਜੋ ਕੀਤਾ ਹੈ ਉਹ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿੱਚ ਨਹੀਂ ਕਰ ਸਕੀਆਂ।
ਇਸ ਤੋਂ ਇਲਾਵਾ ਟਰੰਪ ਨੇ ਪਾਕਿਸਤਾਨ ਦਾ ਵੀ ਧੰਨਵਾਦ ਕੀਤਾ। ਟਰੰਪ ਨੇ ਕਿਹਾ ਕਿ 2021 ਵਿੱਚ, ਅਫਗਾਨਿਸਤਾਨ ਵਿੱਚ ਅੱਤਵਾਦੀਆਂ ਨੇ 13 ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਫੜ੍ਹਨ ਵਿੱਚ ਮਦਦ ਕੀਤੀ।
ਜੈਸੇ ਕੋ ਤੈਸਾ ਟੈਰਿਫ ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਦੂਜੇ ਦੇਸ਼ ਸਾਡੇ 'ਤੇ ਭਾਰੀ ਟੈਰਿਫ ਅਤੇ ਟੈਕਸ ਲਗਾਉਂਦੇ ਹਨ, ਹੁਣ ਸਾਡੀ ਵਾਰੀ ਹੈ। ਜੇਕਰ ਕੋਈ ਕੰਪਨੀ ਅਮਰੀਕਾ ਵਿੱਚ ਉਤਪਾਦ ਨਹੀਂ ਬਣਾ ਰਹੀ ਹੈ ਤਾਂ ਉਸਨੂੰ ਟੈਰਿਫ ਦੇਣਾ ਪਵੇਗਾ।