ਵਾਸਿ਼ੰਗਟਨ, 4 ਮਾਰਚ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਤੋਂ ਮੈਕਸੀਕੋ ਅਤੇ ਕੈਨੇਡਾ 'ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ। ਇਸ ਤੋਂ ਇਲਾਵਾ, ਫਰਵਰੀ ਵਿੱਚ ਚੀਨ 'ਤੇ ਲਗਾਇਆ ਗਿਆ 10% ਟੈਰਿਫ ਵਧਾ ਕੇ 20% ਕਰ ਦਿੱਤਾ ਗਿਆ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਰੰਪ ਦੇ ਐਲਾਨ 'ਤੇ ਜਵਾਬੀ ਟੈਰਿਫ ਲਗਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ 21 ਦਿਨਾਂ ਵਿੱਚ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ 'ਤੇ 25% ਟੈਰਿਫ ਲਗਾਉਣਗੇ। ਇਹ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਆਯਾਤ 'ਤੇ ਟੈਰਿਫ ਨਾਲ ਸ਼ੁਰੂ ਹੋਵੇਗਾ।
ਟੈਰਿਫ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਡਿੱਗ ਗਈ ਹੈ। ਅਮਰੀਕਾ ਦਾ ਐੱਸ ਐਂਡ ਪੀ 500 ਇੰਡੈਕਸ 2% ਡਿੱਗ ਗਿਆ ਹੈ।
ਟਰੰਪ ਨੇ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਤੇਲ ਅਤੇ ਬਿਜਲੀ 'ਤੇ ਟੈਰਿਫਾਂ ਤੋਂ ਛੋਟ ਦਿੱਤੀ ਹੈ। ਅਮਰੀਕਾ ਇਨ੍ਹਾਂ 'ਤੇ ਸਿਰਫ਼ 10% ਟੈਰਿਫ ਲਗਾਏਗਾ। ਟਰੰਪ ਨੇ ਫਰਵਰੀ ਵਿੱਚ ਕਿਹਾ ਸੀ ਕਿ ਕੈਨੇਡਾ ਤੋਂ ਤੇਲ ਦਰਾਮਦ ਲਈ ਛੋਟ ਦਿੱਤੀ ਜਾ ਸਕਦੀ ਹੈ।
ਇਨਰਜੀ ਇੰਫਾਰਮੇਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ, ਪਿਛਲੇ ਸਾਲ ਅਕਤੂਬਰ ਵਿੱਚ, ਅਮਰੀਕਾ ਨੇ ਕੈਨੇਡਾ ਤੋਂ ਪ੍ਰਤੀ ਦਿਨ ਲਗਭਗ 4.6 ਮਿਲੀਅਨ ਬੈਰਲ ਤੇਲ ਅਤੇ ਮੈਕਸੀਕੋ ਤੋਂ 5.63 ਮਿਲੀਅਨ ਬੈਰਲ ਤੇਲ ਆਯਾਤ ਕੀਤਾ। ਜਦੋਂਕਿ ਉਸ ਮਹੀਨੇ ਅਮਰੀਕਾ ਦਾ ਔਸਤ ਰੋਜ਼ਾਨਾ ਉਤਪਾਦਨ ਲਗਭਗ 13.5 ਮਿਲੀਅਨ ਬੈਰਲ ਪ੍ਰਤੀ ਦਿਨ ਸੀ।
ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਪਰਸਪਰ ਟੈਰਿਫ ਦਾ ਐਲਾਨ ਕੀਤਾ ਸੀ। ਟਰੰਪ ਅਪ੍ਰੈਲ ਤੋਂ ਇਸਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ।