ਖਾਰਤੂਮ, 26 ਫਰਵਰੀ (ਪੋਸਟ ਬਿਊਰੋ): ਸੁਡਾਨ ਦੀ ਰਾਜਧਾਨੀ ਖਾਰਤੂਮ ਦੇ ਨੇੜੇ ਓਮਦੁਰਮਨ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 46 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਫੌਜੀ ਕਰਮਚਾਰੀ ਅਤੇ ਆਮ ਨਾਗਰਿਕ ਸ਼ਾਮਿਲ ਸਨ। ਇਸ ਦੇ ਨਾਲ ਹੀ 10 ਲੋਕ ਜ਼ਖਮੀ ਵੀ ਹੋਏ ਹਨ। ਇਹ ਜਹਾਜ਼ ਰੂਸ ਵਿੱਚ ਬਣਿਆ ਐਂਟੋਨੋਵ ਜਹਾਜ਼ ਸੀ। ਇਸਨੇ ਮੰਗਲਵਾਰ ਸ਼ਾਮ ਨੂੰ ਵਾਦੀ ਸੇਈਦਨਾ ਫੌਜੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ, ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੋ ਸਕਦਾ ਹੈ।