ਵਾਸਿ਼ੰਗਟਨ, 26 ਫਰਵਰੀ (ਪੋਸਟ ਬਿਊਰੋ): ਅਮਰੀਕੀ ਸਰਕਾਰ ਨੇ ਈਰਾਨੀ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਅਤੇ ਆਵਾਜਾਈ ਵਿੱਚ ਵਿਚੋਲਗੀ ਕਰਨ ਲਈ ਭਾਰਤ ਸਥਿਤ ਚਾਰ ਕੰਪਨੀਆਂ 'ਤੇ ਪਾਬੰਦੀਆਂ ਲਗਾਈ ਹੈ। ਜਾਣਕਾਰੀ ਅਨੁਸਾਰ ਅਮਰੀਕੀ ਵਿੱਤ ਵਿਭਾਗ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਦਾ ਤੇਲ ਨਿਰਯਾਤ ਇੱਕ ਗੈਰ-ਕਾਨੂੰਨੀ ਸ਼ੀਪਿੰਗ ਨੈੱਟਵਰਕ ਰਾਹੀਂ ਕੀਤਾ ਜਾਂਦਾ ਹੈ। ਡੋਨਾਲਡ ਟਰੰਪ ਦੀ 'ਮੈਕਸੀਮਮ ਪ੍ਰੈਸ਼ਰ' ਨੀਤੀ ਤਹਿਤ, ਅਮਰੀਕਾ ਅਜਿਹੇ ਨੈੱਟਵਰਕਾਂ ਵਿਰੁੱਧ ਕਾਰਵਾਈ ਕਰ ਰਿਹਾ ਹੈ ਜੋ ਈਰਾਨ ਦੀ ਆਮਦਨ ਦੇ ਸਰੋਤ ਨੂੰ ਰੋਕ ਸਕਦੇ ਹਨ।
ਅਮਰੀਕੀ ਵਿੱਤ ਵਿਭਾਗ ਨੇ ਕਿਹਾ ਕਿ ਅੱਜ ਜਿਨ੍ਹਾਂ ਲੋਕਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਯੂਏਈ ਅਤੇ ਹਾਂਗਕਾਂਗ ਦੇ ਤੇਲ ਦਲਾਲ, ਭਾਰਤ ਅਤੇ ਚੀਨ ਦੇ ਟੈਂਕਰ ਆਪਰੇਟਰ ਅਤੇ ਮੈਨੇਜਰ, ਈਰਾਨ ਦੀ ਨੈਸ਼ਨਲ ਈਰਾਨੀ ਤੇਲ ਕੰਪਨੀ ਅਤੇ ਈਰਾਨੀ ਤੇਲ ਟਰਮੀਨਲ ਕੰਪਨੀ ਦੇ ਮੁਖੀ ਸ਼ਾਮਿਲ ਹਨ। ਇਨ੍ਹਾਂ ਨੇ ਈਰਾਨ ਦੀਆਂ ਅਸਥਿਰ ਕਰਨ ਵਾਲੀਆਂ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
ਅਮਰੀਕੀ ਵਿਦੇਸ਼ੀ ਏਸੇਟ ਕੰਟਰੋਲ ਦਫਤਰ ਅਤੇ ਵਿਦੇਸ਼ ਵਿਭਾਗ ਅਨੁਸਾਰ, ਇਨ੍ਹਾਂ 4 ਭਾਰਤੀ ਕੰਪਨੀਆਂ ਦੇ ਨਾਮ ਹਨ - ਫਲਕਸ ਮੈਰੀਟਾਈਮ ਐੱਲਐੱਲਪੀ (ਨਵੀਂ ਮੁੰਬਈ), ਬੀਐੱਸਐੱਮ ਮਰੀਨ ਐੱਲਐੱਲਪੀ (ਦਿੱਲੀ-ਐੱਨਸੀਆਰ), ਆਸਟਿਨਸਿ਼ਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (ਦਿੱਲੀ-ਐੱਨਸੀਆਰ) ਅਤੇ ਕਾਸਮੌਸ ਲਾਈਨਜ਼ ਇੰਕ (ਤੰਜਾਵੁਰ)।
ਇਨ੍ਹਾਂ 4 ਕੰਪਨੀਆਂ ਵਿੱਚੋਂ 3 'ਤੇ ਈਰਾਨੀ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਢੋਆ-ਢੁਆਈ ਵਿੱਚ ਸ਼ਾਮਿਲ ਜਹਾਜ਼ਾਂ ਦੇ ਵਪਾਰਕ ਅਤੇ ਤਕਨੀਕੀ ਪ੍ਰਬੰਧਨ ਕਾਰਨ ਪਾਬੰਦੀ ਲਗਾਈ ਗਈ। ਜਦੋਂਕਿ ਕਾਸਮੌਸ ਲਾਈਨਜ਼ ਨੂੰ ਈਰਾਨੀ ਪੈਟਰੋਲੀਅਮ ਦੀ ਢੋਆ-ਢੁਆਈ ਵਿੱਚ ਸ਼ਾਮਿਲ ਹੋਣ ਕਾਰਨ ਪਾਬੰਦੀ ਲਗਾਈ ਗਈ।