-ਭਾਰਤ ਨੂੰ ਐੱਫ-35 ਲੜਾਕੂ ਜਹਾਜ਼ ਸਪਲਾਈ ਕਰੇਗਾ ਅਮਰੀਕਾ
26/11 ਮੁੰਬਈ ਹਮਲੇ ਦੇ ਮੁੱਖ ਮੁਲਜ਼ਮ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ
ਵਾਸ਼ਿੰਗਟਨ, 13 ਫਰਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮਗਰੋਂ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਅਮਰੀਕਾ ਤੋਂ ਵਧੇਰੇ ਤੇਲ,ਗੈਸ ਅਤੇ ਐੱਫ-35 ਲੜਾਕੂ ਜਹਾਜ਼ਾਂ ਸਣੇ ਫ਼ੌਜੀ ਸਾਜ਼ੋ ਸਾਮਾਨ ਖਰੀਦੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਨੂੰ ਘਟਾਉਣ ਲਈ ਅਮਰੀਕਾ ਤੋਂ ਹੋਰ ਤੇਲ, ਗੈਸ ਅਤੇ ਐੱਫ-35 ਲੜਾਕੂ ਜਹਾਜ਼ਾਂ ਸਣੇ ਫੌਜੀ ਹਾਰਡਵੇਅਰ ਖਰੀਦੇਗਾ। ਟਰੰਪ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਵਾਸਿ਼ੰਗਟਨ ਨਵੀਂ ਦਿੱਲੀ ਨੂੰ ਪਰਸਪਰ ਟੈਰਿਫ ਤੋਂ ਨਹੀਂ ਬਖਸ਼ੇਗਾ।
ਟਰੰਪ ਨੇ ਵੀਰਵਾਰ (ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ) ਨੂੰ ਵ੍ਹਾਈਟ ਹਾਊਸ ਸਥਿਤ ਆਪਣੇ ਓਵਲ ਦਫ਼ਤਰ ਵਿੱਚ ਮੋਦੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਅੱਗੇ ਹੋ ਕੇ ਹੱਥ ਮਿਲਾਇਆ ਤੇ ਪ੍ਰਧਾਨ ਮੰਤਰੀ ਨੂੰ ‘ਮਹਾਨ ਦੋਸਤ’ ਤੇ ‘ਸ਼ਾਨਦਾਰ’ ਆਦਮੀ ਦੱਸਿਆ।
ਅਮਰੀਕੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਾਲ ਇੱਕ ਸਾਂਝੀ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਦੋਵੇਂ ਧਿਰਾਂ ਜਲਦੀ ਹੀ ਇੱਕ ਵੱਡਾ ਵਪਾਰਕ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਟਰੰਪ ਨੇ ਭਾਰਤ ਵੱਲੋਂ ਕੁਝ ਅਮਰੀਕੀ ਉਤਪਾਦਾਂ ’ਤੇ ਲਗਾਈਆਂ ਗਈਆਂ ਦਰਾਮਦ ਡਿਊਟੀਆਂ ਨੂੰ ‘ਬਹੁਤ ਹੀ ਗੈਰਵਾਜਬ’ ਅਤੇ ‘ਸਖ਼ਤ’ ਦੱਸਿਆ।
ਟਰੰਪ ਨੇ ਕਿਹਾ, ‘‘ਭਾਰਤ ਜੋ ਵੀ ਟੈਕਸ ਲਾਏਗਾ, ਅਸੀਂ ਉਨ੍ਹਾਂ ਤੋਂ ਟੈਕਸ ਲਵਾਂਗੇ।’’ ਅਮਰੀਕੀ ਸਦਰ ਨੇ ਕਿਹਾ, ‘‘ਅਸੀਂ ਭਾਰਤ ਨਾਲ ਪਰਸਪਰ ਵਿਵਹਾਰ ਕਰ ਰਹੇ ਹਾਂ।’’ ਮੋਦੀ-ਟਰੰਪ ਦੀ ਇਹ ਮੁਲਾਕਾਤ ਅਮਰੀਕਾ ਵੱਲੋਂ ਸਾਰੇ ਵਪਾਰਕ ਭਾਈਵਾਲਾਂ ਲਈ ਇੱਕ ਨਵੀਂ ਪਰਸਪਰ ਟੈਰਿਫ ਨੀਤੀ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਹੋਈ।
ਟਰੰਪ ਨੇ ਆਪਣੀਆਂ ਟਿੱਪਣੀਆਂ ਵਿੱਚ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਇੱਕ ਸਮਝੌਤੇ ‘ਤੇ ਪਹੁੰਚੇ ਹਨ ਜੋ ਸੰਭਾਵੀ ਤੌਰ ’ਤੇ ਅਮਰੀਕਾ ਨੂੰ ਭਾਰਤ ਨੂੰ ਤੇਲ ਅਤੇ ਗੈਸ ਦਾ ‘ਨੰਬਰ ਇੱਕ ਸਪਲਾਇਰ’ ਬਣਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਭਾਰਤ ਨਾਲ ਅਮਰੀਕਾ ਦੇ ਵਪਾਰਕ ਘਾਟੇ ਨੂੰ ਘਟਾਉਣ ਦੇ ਉਪਰਾਲਿਆਂ ਦਾ ਹਿੱਸਾ ਹੈ ਜੋ ਕਿ ਕਰੀਬ 45 ਬਿਲੀਅਨ ਅਮਰੀਕੀ ਡਾਲਰ ਹੈ।
ਟਰੰਪ ਨੇ ਇਹ ਐਲਾਨ ਵੀ ਕੀਤਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਭਰ ਵਿੱਚ ਕੱਟੜਪੰਥੀ ਇਸਲਾਮੀ ਅਤਿਵਾਦ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਇਕੱਠੇ ਕੰਮ ਕਰਨਗੇ, ਜੋ ‘ਪਹਿਲਾਂ ਕਦੇ ਨਹੀਂ ਹੋਇਆ।’ ਟਰੰਪ ਨੇ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੇ ਪ੍ਰਸ਼ਾਸਨ ਨੇ ਦੁਨੀਆਂ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।