ਦੁਬਈ, 13 ਫਰਵਰੀ (ਪੋਸਟ ਬਿਊਰੋ): ਉੱਘੇ ਕਾਰੋਬਾਰੀ ਅਤੇ ਮੰਤਰੀ ਐਲਨ ਮਸਕ ਨੇ ਅਮਰੀਕਾ ਦੀ ਸੰਘੀ ਸਰਕਾਰ ਨੂੰ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਖ਼ਰਚਿਆਂ ’ਚ ਭਾਰੀ ਕਟੌਤੀ ਅਤੇ ਤਰਜੀਹਾਂ ਮੁੜ ਤੋਂ ਤੈਅ ਕੀਤੇ ਜਾਣ ਦੀ ਆਪਣੀ ਮੁਹਿੰਮ ਤਹਿਤ ਇਹ ਹੋਕਾ ਦਿੱਤਾ ਹੈ। ਮਸਕ ਨੇ ਦੁਬਈ ’ਚ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੇ ਸਿਖਰ ਸੰਮੇਲਨ ’ਚ ਵੀਡੀਓ ਕਾਲ ਰਾਹੀਂ ਇਕ ਵਿਆਪਕ ਸਰਵੇਖਣ ਦੀ ਪੇਸ਼ਕਸ਼ ਕੀਤੀ ਜਿਸ ’ਚ ਉਨ੍ਹਾਂ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਦੱਸਿਆ ਜਿਨ੍ਹਾਂ ’ਚ ‘ਥਰਮੋਨਿਊਕਲੀਅਰ ਜੰਗ’ ਅਤੇ ਮਸਨੂਈ ਬੌਧਿਕਤਾ ਦੇ ਸੰਭਾਵਿਤ ਖ਼ਤਰਿਆਂ ਦੇ ਕਈ ਮੁੱਦੇ ਸ਼ਾਮਲ ਹਨ।
ਮਸਕ ਨੇ ਕਿਹਾ, ‘‘ਸਾਡੇ ਮੁਲਕ ’ਚ ਹਕੀਕੀ ਤੌਰ ’ਤੇ ਨੌਕਰਸ਼ਾਹੀ ਦਾ ਸ਼ਾਸਨ ਹੈ ਨਾ ਕਿ ਲੋਕਾਂ ਦਾ ਰਾਜ ਯਾਨੀ ਲੋਕਤੰਤਰ।’’ ਮਸਕ ਕਾਲੀ ਟੀ-ਸ਼ਰਟ ਪਹਿਣ ਕੇ ਸੰਮੇਲਨ ’ਚ ਸ਼ਾਮਲ ਹੋਏ ਜਿਸ ’ਤੇ ਲਿਖਿਆ ਸੀ, ‘ਟੈੱਕ ਸਪੋਰਟ।’ ਉਨ੍ਹਾਂ ਮਜ਼ਾਹੀਆ ਅੰਦਾਜ਼ ’ਚ ਇਹ ਵੀ ਕਿਹਾ ਕਿ ਉਹ ਵ੍ਹਾਈਟ ਹਾਊਸ ਦੇ ਟੈੱਕ ਸਪੋਰਟ ਹਨ। ਮਸਕ ਨੇ ਕਿਹਾ ਕਿ ਜੇ ਅਸੀਂ ਨਦੀਨ ਦੀਆਂ ਜੜ੍ਹਾਂ ਨਹੀਂ ਪੁੱਟਾਂਗੇ ਤਾਂ ਉਸ ਦੇ ਮੁੜ ਤੋਂ ਪੈਦਾ ਹੋਣ ਦੀ ਸੰਭਾਵਨਾ ਹੈ। ਮਸਕ ਨੇ ਟਰੰਪ ਵੱਲੋਂ ‘ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ’ ਨੂੰ ਬੰਦ ਕਰਨ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਦੇ ਅਧੀਨ ਅਮਰੀਕਾ ਹੋਰ ਮੁਲਕਾਂ ਦੇ ਮਾਮਲਿਆਂ ’ਚ ਦਖ਼ਲ ਦੇਣ ’ਚ ਘੱਟ ਦਿਲਚਸਪੀ ਰਖਦਾ ਹੈ।