ਐਡਮਿੰਟਨ, 21 ਜਨਵਰੀ (ਪੋਸਟ ਬਿਊਰੋ): ਸੂਤਰਾਂ ਅਨੁਸਾਰ ਐਡਮਿੰਟਨ ਵਿੱਚ ਦੱਖਣ ਏਸ਼ੀਆਈ ਘਰ ਬਣਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਕੇ ਜ਼ਬਰਨ ਵਸੂਲੀ ਕਰਨ ਦੇ ਮੁਲਜ਼ਮ ਇੱਕ ਆਪਰਾਧਿਕ ਸੰਗਠਨ ਦੇ ਪ੍ਰਮੁੱਖ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਤ ਵਿੱਚ ਵੱਖ-ਵੱਖ ਦੋਸ਼ਾਂ ਵਿੱਚ ਹਿਰਾਸਤ ਵਿੱਚ ਹੈ, ਛੇ ਮਹੀਨਿਆਂ ਤੋਂ ਜਿ਼ਆਦਾ ਸਮੇਂ ਤੋਂ ਪੁਲਿਸ ਨੇ ਉਸਦੀ ਗ੍ਰਿਫ਼ਤਾਰੀ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤਾ ਹੈ।
ਪ੍ਰੋਜੈਕਟ ਗੈਸਲਾਈਟ ਤਹਿਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇੱਕ ਜ਼ਬਰਨ ਵਸੂਲੀ ਲੜੀ ਹੈ ਜਿਸਦੇ ਨਤੀਜੇ ਵਜੋਂ 2023 ਤੋਂ ਐਡਮਿੰਟਨ ਵਿੱਚ ਅੱਗਜਨੀ, ਅੱਗਜਨੀ ਦੀ ਕੋਸ਼ਿਸ਼ ਅਤੇ ਗੋਲੀਬਾਰੀ ਸਮੇਤ ਘੱਟ ਤੋਂ ਘੱਟ 40 ਘਟਨਾਵਾਂ ਹੋਈਆਂ ਹਨ।
ਪਿਛਲੀਆਂ ਗਰਮੀਆਂ ਵਿੱਚ ਐਡਮਿੰਟਨ ਪੁਲਿਸ ਸਰਵਿਸ ਨੇ ਧਾਲੀਵਾਲ `ਤੇ ਵਿਦੇਸ਼ਾਂ ਤੋਂ ਜ਼ਬਰਨ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ।
ਸਾਬਕਾ ਈਪੀਐੱਸ ਅਧਿਕਾਰੀ ਅਤੇ ਨਾਰਕਵੇਸਟ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਦੇ ਮੁੱਖ ਡੈਨ ਜੋਂਸ ਨੇ ਕਿਹਾ ਕਿ ਇਹ ਕਮਿਊਨਿਟੀ ਵਿੱਚ ਇੱਕ ਮਹੱਤਵਪੂਰਣ ਮੁੱਦਾ ਰਿਹਾ ਹੈ। ਯੂਏਈ ਵਿੱਚ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਲਾਅ ਇੰਫੋਰਸਮੈਂਟ ਭਾਗੀਦਾਰਾਂ ਦਾ ਸ਼ਾਨਦਾਰ ਸਹਿਯੋਗ ਦਿਸਦਾ ਹੈ ਅਤੇ ਇਹ ਇਸ ਮਾਮਲੇ ਵਿੱਚ ਜਾਂਚਕਰਤਾਵਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਜੋਂਸ ਨੇ ਕਿਹਾ ਕਿ ਅਗਲਾ ਕਦਮ ਧਾਲੀਵਾਲ ਨੂੰ ਕੈਨੇਡਾ ਤਬਦੀਲ ਕਰਨਾ ਹੋਵੇਗਾ, ਜਿਸਨੂੰ ਉਨ੍ਹਾਂ ਨੇ ਵੱਡਾ ਜ਼ੋਖਮ ਦੱਸਿਆ। ਹਾਲਾਂਕਿ ਦੋਨਾਂ ਦੇਸ਼ਾਂ ਵਿਚਕਾਰ ਕੋਈ ਹਵਾਲਗੀ ਸੰਧੀ ਨਹੀਂ ਹੈ।