ਲਖਨਊ, 1 ਜਨਵਰੀ (ਪੋਸਟ ਬਿਊਰੋ): ਲਖਨਊ ਵਿੱਚ ਅੱਜ ਸਵੇਰੇ ਹੋਟਲ ’ਚ 24 ਸਾਲਾ ਨੌਜਵਾਨ ਨੇ ਆਪਣੀਆਂ ਚਾਰ ਭੈਣਾਂ ਤੇ ਮਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਆਪਣੀਆਂ ਭੈਣਾਂ ਤੇ ਮਾਂ ਦੀਆਂ ਬਾਹਾਂ ਦੀਆਂ ਨਾੜਾਂ ਤੇ ਗਲਾ ਕੱਟਣ ਦੀ ਗੱਲ ਕਬੂਲੀ ਹੈ। ਡੀਸੀਪੀ (ਸੈਂਟਰਲ ਲਖਨਊ) ਰਵੀਨਾ ਤਿਆਗੀ ਨੇ ਕਿਹਾ ਕਿ ਘਟਨਾ ਨਾਕਾ ਖੇਤਰ ਵਿੱਚ ਸਥਿਤ ਹੋਟਲ ਸ਼ਰਨਜੀਤ ’ਚ ਵਾਪਰੀ। ਮੁਲਜ਼ਮ ਦੀ ਪਛਾਣ ਮੁਹੰਮਦ ਅਰਸ਼ਦ (24) ਦੇ ਰੂਪ ਵਿੱਚ ਹੋਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਉਸ ਨੂੰ ਘਟਨਾ ਸਥਾਨ ਤੋਂ ਹੀ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਮੁਲਜ਼ਮ ਦੀਆਂ ਭੈਣਾਂ ਆਲੀਆ (9), ਅਲਸ਼ੀਆ (19), ਅਕਸਾ (16) ਤੇ ਰਹਿਮੀਨ (18) ਤੇ ਮਾਂ ਅਸਮਾ ਵਜੋਂ ਹੋਈ ਹੈ। ਅਰਸ਼ਦ ਆਗਰਾ ਦਾ ਰਹਿਣ ਵਾਲਾ ਹੈ ਅਤੇ ਸ਼ੁਰੂਆਤੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਸ ਨੇ ਘਰੇਲੂ ਵਿਵਾਦਾਂ ਕਾਰਨ ਕਤਲ ਕੀਤੇ। ਪੁਲਿਸ ਵੱਲੋਂ ਹੋਟਲ ਦੇ ਕਰਮਚਾਰੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਪੁੱਜੇ ਸੰਯੁਕਤ ਪੁਲਿਸ ਕਮਿਸ਼ਨਰ (ਅਪਰਾਧ ਤੇ ਹੈੱਡਕੁਆਰਟਰ) ਬਬਲੂ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੋਰੈਂਸਿਕ ਟੀਮ ਸਬੂਤ ਇਕੱਠੇ ਕਰਨ ਲਈ ਚੌਕਸੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਕਰਮਚਾਰੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਕੁਮਾਰ ਨੇ ਕਿਹਾ ਕਿ ਬਰਾਮਦ ਕੀਤੀਆਂ ਲਾਸ਼ਾਂ ਵਿੱਚ ਸੱਟਾਂ ਦੇ ਨਿਸ਼ਾਨਾਂ, ਗਵਾਹਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ।