ਭੋਪਾਲ, 30 ਦਸੰਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਗੁਨਾ ਜਿ਼ਲ੍ਹੇ ਵਿੱਚ 140 ਫੁੱਟ ਡੁੂੰਘੇ ਬੋਰਵੈੱਲ ’ਚ ਡਿੱਗਿਆ 10 ਸਾਲਾ ਬੱਚਾ ਆਪਣੀ ਜਿੰਦਗੀ ਦੀ ਜੰਗ ਹਾਰ ਗਿਆ। ਵੱਖ-ਵੱਖ ਏਜੰਸੀਆਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਸਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੁਮਿਤ ਮੀਨਾ ਨਾਮ ਦਾ ਇਹ ਲੜਕਾ ਸ਼ਨਿਚਰਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਗੁਨਾ ਜਿ਼ਲ੍ਹਾ ਹੈੱਡਕੁਆਰਟਰ ਤੋਂ ਕੋਈ 50 ਕਿਲੋਮੀਟਰ ਦੂਰ ਰਾਘੋਗੜ੍ਹ ਅਸੈਂਬਲੀ ਹਲਕੇ ਅਧੀਨ ਆਉਂਦੇ ਪਿਪਲੀਆ ਪਿੰਡ ਵਿੱਚ ਇਕ ਬੋਰਵੈੱਲ ਦੇ ਖੁੱਲ੍ਹੇ ਪਏ 140 ਫੁੱਟ ਡੂੰਘੇ ਟੋਏ ’ਚ ਡਿੱਗ ਗਿਆ ਸੀ।
ਗੁਨਾ ਦੇ ਐੱਸਪੀ ਸੰਜੀਵ ਸਿਨਹਾ ਨੇ ਦੱਸਿਆ ਕਿ ਲੜਕੇ ਨੂੰ ਅੱਜ ਸਵੇਰੇ 9:30 ਵਜੇ ਦੇ ਕਰੀਬ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ਲਾ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੁਨਾ ਦੇ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀ ਡਾ. ਰਾਜਕੁਮਾਰ ਰਿਸ਼ੀਸ਼ਵਰ ਨੇ ਕਿਹਾ ਕਿ ਬੱਚਾ ਪੂਰੀ ਰਾਤ ਠੰਢ ਦੇ ਇਸ ਮੌਸਮ ਵਿੱਚ ਬੋਰ ’ਚ ਰਿਹਾ। ਉਸ ਦੇ ਹੱਥ-ਪੈਰ ਸੁੱਜੇ ਹੋਏ ਸਨ। ਉਸ ਦੇ ਕੱਪੜੇ ਵੀ ਗਿੱਲੇ ਸੀ ਤੇ ਉਸ ਦੇ ਮੂੰਹ ’ਚੋਂ ਮਿੱਟੀ ਮਿਲੀ ਹੈ। ਰਾਘੋਗੜ੍ਹ ਤੋਂ ਕਾਂਗਰਸੀ ਵਿਧਾਇਕ ਜੈਵਰਧਨ ਸਿੰਘ ਨੇ ਕਿਹਾ ਕਿ ਬਚਾਅ ਕਰਮੀਆਂ ਨੇ ਸਾਰੀ ਰਾਤ ਕੰਮ ਕੀਤਾ ਤੇ ਲੜਕੇ ਤੱਕ ਪਹੁੰਚਣ ਲਈ ਉਸ ਦੇ ਸਮਾਨਾਂਤਰ ਇਕ ਹੋਰ ਟੋਆ ਪੁੱਟਿਆ। ਉਹ ਇਸ ਟੋਏ ਤੋਂ ਬੋਰਵੈੱਲ ਵਿਚਾਲੇ ਬਣਾਏ ਰਸਤੇ ਰਾਹੀਂ ਲੜਕੇ ਤੱਕ ਪਹੁੰਚੇ। ਗੁਨਾ ਦੇ ਕੁਲੈਕਟਰ ਸਤੇਂਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਲੜਕਾ ਬੋਰਵੈੱਲ ਵਿੱਚ 40 ਫੁੱਟ ਡੂੰਘਾਈ ’ਤੇ ਫਸਿਆ ਹੋਇਆ ਸੀ।