ਕਾਯੋਟੀ, ਜਿਨ੍ਹਾਂ ਨੂੰ ਝਾੜ ਭੇੜੀਆ ਵੀ ਕਿਹਾ ਜਾਂਦਾ ਹੈ, ਬਚੇ ਮਨੁੱਖੀ ਖਾਣੇ ਦੇ ਨਾਲ-ਨਾਲ ਪਲਾਸਟਿਕ ਰੈਪਰ, ਪਲਾਸਟਿਕ ਦੀ ਬੋਤਲ ਦਾ ਢੱਕਣ, ਕਾਫੀ ਕੱਪ ਆਦਿ ਖਾ ਰਹੇ ਹਨ। ਜਿਸ ਨਾਲ ਕਿ ਉਹ ਬਿਮਾਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਵਿਵਹਾਰ ਵੀ ਹੋਰ ਖ਼ਤਰਨਾਕ ਹੋ ਰਿਹਾ ਹੈ। ਇਨ੍ਹਾਂ ਵਿਚ ਜ਼ਿਆਦਾ ਗਿਣਤੀ ਅਰਬਨ ਭੇੜੀਏਆਂ ਦੀ ਹੈ। ਇਹ ਭੇੜੀਏ ਖਾਣੇ ਦੀ ਭਾਲ ਵਿਚ ਸ਼ਹਿਰ ਦੇ ਅੰਦਰ ਦਾਖ਼ਲ ਹੁੰਦੇ ਹਨ। ਜਿਸ ਨਾਲ ਕਿ ਇਨ੍ਹਾਂ ਵਿਚ ਇਨਸਾਨਾਂ ਦਾ ਡਰ ਵੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਵੀ ਵਧ ਗਿਆ ਹੈ।
ਭੇੜੀਏ ਤਕੜੇ ਸਿ਼ਕਾਰੀ ਹਨ, ਪਰ ਸਿ਼ਕਾਰ ਦੀ ਭਾਲ ਕਰਨੀ ਮੁਸ਼ਕਿਲ ਹੁੰਦੀ ਹੈ। ਇਸ ਲਈ ਕਈ ਅਰਬਨ ਭੇੜੀਏਆਂ ਨੇ ਮਨੁੱਖੀ ਖਾਣਾ ਖਾਣ ਦੀ ਆਦਤ ਪਾ ਲਈ ਹੈ। ਜਿਸ ਨਾਲ ਕਿ ਉਨ੍ਹਾਂ ਨੂੰ ਸ਼ਿਕਾਰ ਕਰਨ ਲਈ ਵੀ ਜਿ਼ਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇਨ੍ਹਾਂ ਅਰਬਨ ਭੇੜੀਏਆਂ ਨੂੰ ਮਨੁੱਖੀ ਫਾਸਟ ਫੂਡ ਜਿਵੇਂ ਕਿ ਬਰਗਰ ਅਤੇ ਮਿੱਠਾ ਖਾਣਾ ਆਦਿ ਕਾਫੀ ਪਸੰਦ ਆ ਰਿਹਾ ਹੈ। ਪਰ ਇਨ੍ਹਾਂ ਨੂੰ ਖਾਣੇ ਵਿਚ ਫ਼ਰਕ ਕਰਨਾ ਨਹੀਂ ਆਉਂਦਾ ਕਿ ਕੀ ਖਾਣਾ ਹੈ ਤੇ ਕੀ ਨਹੀਂ। ਇਸ ਲਈ ਇਹ ਬੋਤਲਾਂ ਦੇ ਢੱਕਣ, ਕੌਫੀ ਕੱਪ, ਖਾਣੇ ਦੇ ਰੈਪਰਾਂ ਆਦਿ ਨੂੰ ਵੀ ਖਾਣਾ ਸਮਝ ਲੈਂਦੇ ਹਨ। ਜਿਸ ਨੂੰ ਖਾਣ ਨਾਲ ਇਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ।
ਝਾੜ ਭੇੜੀਏ ਛੋਟੇ ਜਾਨਵਰ ਜਿਵੇਂ ਚੂਹੇ, ਖ਼ਰਗੋਸ਼ ਆਦਿ ਦਾ ਸਿ਼ਕਾਰ ਕਰਕੇ ਇਨ੍ਹਾਂ ਦੀ ਆਬਾਦੀ ਨੂੰ ਕੰਟ੍ਰੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਉਹ ਇਕ ਕੁਦਰਤੀ ਸ਼ਿਕਾਰੀ ਹਨ ਅਤੇ ਖਾਣਾ ਲੱਭਣ ਲਈ ਲਗਾਤਾਰ ਸਰਗਰਮ ਰਹਿੰਦੇ ਹਨ। ਕੁੱਝ ਦਹਾਕਿਆਂ ਤੋਂ ਲਗਾਤਾਰ ਜੋ ਰਹੇ ਸ਼ਹਿਰੀਕਰਨ ਕਾਰਨ ਸਿ਼ਕਾਰ ਖ਼ਤਮ ਹੋ ਰਿਹਾ ਹੈ ਅਤੇ ਭੇੜੀਏ ਨੂੰ ਖਾਣੇ ਦੀ ਭਾਲ ਵਿਚ ਸ਼ਹਿਰ ਦਾ ਰੁਖ਼ ਕਰਨਾ ਪੈਂਦਾ ਹੈ। ਉੱਥੇ ਉਨ੍ਹਾਂ ਨੂੰ ਬਚਿਆ ਹੋਇਆ ਮਨੁੱਖੀ ਖਾਣਾ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਲਈ ਉਨ੍ਹਾਂ ਵਿਚ ਮਨੁੱਖੀ ਖਾਣਾ ਖਾਣ ਦੀ ਆਦਤ ਵਿਕਸਿਤ ਹੋ ਗਈ ਹੈ। ਉਹ ਖਾਣੇ ਦੀ ਭਾਲ ਵਿਚ ਪਾਰਕਿੰਗਾਂ ਵਿਚ ਘੁੰਮਦੇ ਹਨ, ਜਿੱਥੇ ਉਨ੍ਹਾਂ ਨੂੰ ਖਾਣਾ, ਖਾਣੇ ਦੇ ਰੈਪਰ, ਪਲਾਸਟਿਕ ਦੀਆਂ ਬੋਤਲਾਂ ਦੇ ਢੱਕਣ ਆਦਿ ਆਸਾਨੀ ਨਾਲ ਮਿਲ ਜਾਂਦੇ ਹਨ।
ਝਾੜ ਭੇੜੀਏ ਨੂੰ ਮਨੁੱਖੀ ਖਾਣੇ ਦੇ ਨੁਕਸਾਨ :
ਮਨੁੱਖੀ ਖਾਣਾ ਭੇੜੀਏਆਂ ਲਈ ਬਹੁਤ ਖ਼ਤਰਨਾਕ ਹੈ। ਜਿਸ ਨੂੰ ਖਾਣ ਨਾਲ ਉਹ ਬਿਮਾਰ ਪੈ ਸਕਦੇ ਹਨ, ਉਨ੍ਹਾਂ ਦਾ ਇਮਿਊਨ ਸਿਸਟਮ ਵਿਗੜ ਜਾਂਦਾ ਹੈ। ਜਦੋਂ ਭੇੜੀਏ ਸ਼ਿਕਾਰ ਕਰਨਾ ਛੱਡ ਦਿੰਦੇ ਹਨ, ਉਨ੍ਹਾਂ ਦੇ ਅੰਦਰਲੇ ਬੈਕਟੀਰੀਆ ਵਿਚ ਤਬਦੀਲੀ ਆਉਣ ਲੱਗਦੀ ਹੈ। ਉਹ ਖਾਣੇ ਨੂੰ ਪਚਾਉਣ ਅਤੇ ਉਸ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਨੂੰ ਬਣਾਉਣਾ ਬੰਦ ਕਰ ਦਿੰਦੇ ਹਨ। ਜਿਸ ਨਾਲ ਪਾਚਨ ਅਸੰਤੁਲਨ ਪੈਦਾ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਛੋਟੀ ਆਂਦਰ ਨੂੰ ਨੁਕਸਾਨ ਪਹੁੰਚਦਾ ਹੈ, ਜਿੱਥੇ ਕਿ ਜ਼ਿਆਦਾਤਰ ਪੋਸ਼ਕ ਤੱਤ ਬਣਦੇ ਹਨ।
ਕਾਰਬੋਹਾਈਡ੍ਰੇਟਸ ਨਾਲ ਭਰਪੂਰ ਮਨੁੱਖੀ ਖ਼ੁਰਾਕ ਭੇੜੀਏ ਲਈ ਖ਼ਤਰਨਾਕ ਹੈ। ਜੋ ਕਿ ਉਨ੍ਹਾਂ ਨੂੰ ਬਿਮਾਰ ਕਰਦੀ ਹੈ। ਉਹ ਜਿ਼ਆਦਾਤਰ ਮਿੱਠੇ ਵਾਲੀਆਂ ਚੀਜ਼ਾਂ, ਬ੍ਰੈੱਡ, ਪਾਸਤਾ, ਟਾਫੀਆਂ ਅਤੇ ਚੌਲ ਆਦਿ ਖਾਣ ਦੇ ਆਦੀ ਹੋ ਗਏ ਹਨ। ਜਿਸ ਕਾਰਨ ਉਂਨ੍ਹਾਂ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਹੈ ਅਤੇ ਖਾਣੇ ਦੀ ਭਾਲ ਵਿਚ ਉਂਨ੍ਹਾਂ ਦੇ ਇਨਸਾਨਾਂ ਨਾਲ ਜਿ਼ਆਦਾ ਮੁਕਾਬਲੇ ਹੋ ਰਹੇ ਹਨ, ਜੋ ਕਿ ਖ਼ਤਰਨਾਕ ਹਨ।
ਭੇੜੀਏ ਨੂੰ ਕੁਦਰਤੀ ਖ਼ੁਰਾਕ ਲਈ ਉਸ਼ਾਹਿਤ ਕਰਨ ਦੇ ਤਰੀਕੇ :
ਆਪਣੇ ਆਲੇ-ਦੁਆਲੇ ਨੂੰ ਭੇੜੀਏਆਂ ਲਈ ਘੱਟ ਆਕਰਸ਼ਕ ਬਣਾ ਕੇ ਅਸੀਂ ਉਨ੍ਹਾਂ ਨੂੰ ਕੁਦਰਤੀ ਵਾਤਾਵਰਣ ਵਿਚ ਰਹਿਣ ਲਈ ਅਤੇ ਵਾਪਸ ਮਾਸਾਹਾਰੀ ਖ਼ੁਰਾਕ ਖਾਣ ਲਈ ਉਤਸ਼ਾਹਿਤ ਕਰ ਸਕਦੇ ਹਾਂ। ਜਿਸ ਲਈ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ :
- ਗਾਰਬੇਜ ਬਿਨ ਨੂੰ ਭੇੜੀਏਆਂ ਤੋਂ ਸੁਰੱਖਿਅਤ ਕਰਕੇ ਰੱਖੋ, ਜਿਸ ਨਾਲ ਕਿ ਉਹ ਆਸਾਨੀ ਨਾਲ ਇਨ੍ਹਾਂ ਨੂੰ ਨਾ ਖੋਲ੍ਹ ਸਕਣ
- ਆਪਣੇ ਘਰ ਦੇ ਖੇਤਰ ਵਿਚੋਂ ਸਿੱਧੇ ਅਨਾਜ ਦੇ ਸਰੋਤ ਹਟਾ ਦਿਓ
- ਭੇੜੀਏਆਂ ਨੂੰ ਖ਼ੁਦ ਖਾਣਾ ਨਾ ਦਿਓ
- ਖਾਣੇ ਦੀਆਂ ਚੀਜ਼ਾਂ, ਰੈਪਰ, ਪਲਾਸਟਿਕ ਦੀਆਂ ਚੀਜ਼ਾਂ ਬਾਹਰ ਨਾ ਸੁੱਟੋ
- ਖਾਣੇ ਦੀਆਂ ਵਸਤਾਂ ਨੂੰ ਰਿਸਾਇਕਲਿੰਗ ਲਈ ਬਾਹਰ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ
- ਪਾਲਤੂ ਜਨਵਰਾਂ ਦਾ ਖਾਣਾ ਅਤੇ ਪਾਣੀ ਘਰ ਦੇ ਅੰਦਰ ਰੱਖੋ
- ਦਰੱਖ਼ਤਾਂ ਤੋਂ ਪੱਕੇ ਹੋ ਫ਼ਲ ਤੋੜ ਲਵੋ ਅਤੇ ਡਿੱਗੇ ਹੋਏ ਫ਼ਲ ਉਸ ਖੇਤਰ ਤੋਂ ਹਟਾ ਦਿਓ
- ਲਾਅਨ ਵਿਚ ਜ਼ਿਆਦਾ ਮਾਤਰਾ ਵਿਚ ਪੰਛੀਆਂ ਦਾ ਖਾਣਾ ਰੱਖਣ ਤੋਂ ਗੁਰੇਜ਼ ਕਰੋ
ਭੇੜੀਏ ਜ਼ਿਆਦਾਤਰ ਡਰਪੋਕ ਹੁੰਦੇ ਹਨ ਤੇ ਇਨਸਾਨਾਂ ਤੋਂ ਦੂਰ ਰਹਿੰਦੇ ਹਨ। ਇਹ ਉੱਥੇ ਜ਼ਿਆਦਾ ਜਾਂਦੇ ਹਨ, ਜਿੱਥੇ ਇਨ੍ਹਾਂ ਨੂੰ ਖਾਣਾ ਪਾਇਆ ਜਾਂਦਾ ਹੈ। ਜਿਸ ਨਾਲ ਕਿ ਇਨ੍ਹਾਂ ਦਾ ਇਨਸਾਨਾਂ ਨਾਲ ਸਾਹਮਣਾ ਹੋਣ ਦੀ ਜਿ਼ਆਦਾ ਸੰਭਾਵਨਾ ਹੁੰਦੀ ਹੈ। ਮਨੁੱਖੀ ਖਾਣੇ ਤੱਕ ਇਨ੍ਹਾਂ ਦੀ ਪਹੁੰਚ ਘਟਾ ਕੇ ਅਸੀਂ ਇਨ੍ਹਾਂ ਨੂੰ ਕੁਦਰਤੀ ਵਾਤਾਵਰਣ ਵਿਚ ਸਿ਼ਕਾਰ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਾਂ