ਵੈਨਕੂਵਰ, 4 ਦਸੰਬਰ (ਪੋਸਟ ਬਿਊਰੋ): ਇਕ ਖਬਰ ਸਾਹਮਣੇ ਆਈ ਹੈ ਕਿ ਪੋਲੈਂਡ ਵਿੱਚ ਇੱਕ ਘਟਨਾ ਤੋਂ ਬਾਅਦ ਦੋ ਕੈਨੇਡੀਅਨ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਗਲੋਬਲ ਅਫੇਅਰਜ਼ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਮੌਤਾਂ ਦੀ ਜਾਣਕਾਰੀ ਹੈ ਅਤੇ ਕਾਊਂਸਲਰ ਅਧਿਕਾਰੀ ਹੋਰ ਜਾਣਕਾਰੀ ਜੁਟਾਉਣ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।ਗੋਪਨੀਅਤਾ ਕਾਰਨ ਅੱਗੇ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਪੋਲੈਂਡ ਵਿੱਚ ਕਈ ਮੀਡੀਆ ਰਿਪੋਰਟਾਂਅਨੁਸਾਰ ਇੱਕ 23 ਸਾਲ ਦਾ ਵਿਅਕਤੀ ਨੂੰ ਘਰੇਲੂ ਝਗੜੇ ਤੋਂ ਬਾਅਦ ਕਰਾਕੋਵ ਦੇ ਇੱਕ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਦੋਂਕਿ ਉਸਦੇ ਜ਼ਖ਼ਮੀ 24 ਸਾਲਾ ਸਾਥੀ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਔਰਤ ਨੇ ਸੱਟਾਂ ਕਾਰਨ ਦਮ ਤੋੜ ਦਿੱਤਾ। ਬੁੱਧਵਾਰ ਦੀ ਸਵੇਰ ਪੁਲਿਸ ਸਟੇਸ਼ਨ ਵਿੱਚ ਪੁੱਛਗਿਛ ਦੌਰਾਨ, ਹੱਥਕੜੀ ਲੱਗੇ ਹੋਏ ਵਿਅਕਤੀ ਨੇ ਇੱਕ ਅਧਿਕਾਰੀ ਦੀ ਬੰਦੂਕ ਖੋਹ ਲਈ ਅਤੇ ਆਪਣੀ ਜਾਨ ਲੈ ਲਈ।
ਪੋਲਸ਼ ਮੀਡੀਆ ਆਊਟਲੇਟ ਫੈਕਟ ਨੇ ਲਿਖਿਆ ਕਿ ਅਪਾਰਟਮੈਂਟ ਬਿਲਡਿੰਗ ਵਿੱਚ ਕਈ ਵਿਦੇਸ਼ੀ ਰਹਿੰਦੇ ਹਨ ਅਤੇ ਮਾਰੀ ਗਈ ਲੜਕੀ ਕੈਨੇਡਾ ਦੀ ਸੀ ਅਤੇ ਉਸਦਾ ਸਾਥੀ ਅੰਗਰੇਜ਼ ਜਾਂ ਕੈਨੇਡਅੀਨ ਸੀ।