ਓਟਵਾ, 26 ਨਵੰਬਰ (ਪੋਸਟ ਬਿਊਰੋ): ਡੋਨਲਡ ਟਰੰਪ ਦੁਆਰਾ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਵਿੱਚ ਭੇਜੇ ਜਾਣ ਵਾਲੀਆਂ ਕੈਨੇਡੀਅਨ ਵਸਤਾਂ `ਤੇ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਕੈਨੇਡੀਅਨ ਡਾਲਰ ਮਈ 2020 ਤੋਂ ਬਾਅਦ ਆਪਣੇ ਸਭਤੋਂ ਹੇਠਲੇ ਪੱਧਰ `ਤੇ ਆ ਗਿਆ।
ਟੈਰਿਫ ਦੇ ਐਲਾਨ ਨੇ ਲੂਨੀ `ਤੇ ਹੋਰ ਦਬਾਅ ਪਾਇਆ, ਜੋ ਸਤੰਬਰ ਤੋਂ ਅਮਰੀਕੀ ਡਾਲਰ ਦੇ ਮੁਕਾਬਲੇ ਹੇਠਾਂ ਜਾ ਰਿਹਾ ਹੈ। ਸਵੇਰ ਦੇ ਟਰੇਡਿੰਗ ਵਿੱਚ ਲੂਨੀ 71.07 ਸੇਂਟ `ਤੇ ਸੀ, ਜਦੋਂਕਿ ਦਿਨ ਵਿੱਚ ਪਹਿਲਾਂ ਇਹ 71 ਸੇਂਟ ਤੋਂ ਹੇਠਾਂ ਡਿੱਗ ਗਿਆ ਸੀ।
ਬੀਐੱਮਓ ਕੈਪੀਟਲ ਮਾਰਕਿਟਸ ਦੇ ਸੀਨੀਅਰ ਅਰਥਸ਼ਾਸਤਰੀ ਰਾਬਰਟ ਕਾਵਿਕ ਨੇ ਟੈਰਿਫ ਦੀ ਸੰਭਾਵਨਾ ਨੂੰ ਇੱਕ ਅਜਿਹੀ ਮੁਦਰਾ ਲਈ ਬਹੁਤ ਮੁਸ਼ਕਿਲ ਚੁਣੌਤੀ ਦੱਸਿਆ ਜੋ ਪਹਿਲਾਂ ਤੋਂ ਹੀ ਘਰੇਲੂ ਆਰਥਿਕ ਫੈਕਟਰਜ਼ ਕਾਰਨ ਦਬਾਅ ਵਿਚ ਹੈ ।
ਉਨ੍ਹਾਂ ਦਾ ਕਹਿਣਾ ਹੈ ਕਿ ਕਮਜ਼ੋਰ ਮਾਲੀ ਹਾਲਤ ਅਤੇ ਬੈਂਕ ਆਫ ਕੈਨੇਡਾ ਵੱਲੋਂ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਾਰਨ ਕੈਨੇਡੀਅਨ ਡਾਲਰ ਪਹਿਲਾਂ ਤੋਂ ਹੀ ਕਮਜ਼ੋਰ ਹੋ ਰਿਹਾ ਸੀ।
ਟਰੰਪ ਨੇ ਸੋਮਵਾਰ ਨੂੰ ਟਰੁਥ ਸੋਸ਼ਲ ਨੂੰ ਪੋਸਟ ਕੀਤਾ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ `ਤੇ 25 ਫ਼ੀਸਦੀ ਟੈਰਿਫ ਲਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਟੈਰਿਫ ਤੱਦ ਤੱਕ ਲਾਗੂ ਰਹੇਗਾ ਜਦੋਂ ਤੱਕ ਦੋਵੇਂ ਦੇਸ਼ ਨਸ਼ੀਲੀਆਂ ਦਵਾਈਆਂ, ਖਾਸ ਤੌਰ 'ਤੇ ਫੇਂਟਾਨਿਲ ਅਤੇ ਲੋਕਾਂ ਦੇ ਗ਼ੈਰਕਾਨੂੰਨੀ ਰੂਪ `ਤੇ ਸੀਮਾ ਪਾਰ ਕਰਨ `ਤੇ ਰੋਕ ਨਹੀਂ ਲਗਾ ਦਿੰਦੇ।