Welcome to Canadian Punjabi Post
Follow us on

21

January 2025
 
ਟੋਰਾਂਟੋ/ਜੀਟੀਏ

“ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ...” ‘ਪਾਤਰ’ ਦੇ ਇਸ ਸ਼ਿਅਰ ਦੀ ਪੈੜ ਨੱਪਦਿਆਂ ਹਰਜੀਤ ‘ਹੈਰੀ’ ਬਣਿਆ ‘ਆਇਰਨਮੈਨ’

November 26, 2024 09:54 PM

 ਡਾ. ਸੁਖਦੇਵ ਸਿੰਘ ਝੰਡ

ਫ਼ੋਨ: 647-567-9128

‘ਆਇਰਨਮੈਨ ਟਰਾਇਥਲੋਨ’ ਮੁਕਾਬਲਾ ਇਸ ਸਮੇਂ ਸੰਸਾਰ-ਭਰ ਵਿੱਚ ਸੱਭ ਤੋਂ ਸਖ਼ਤ ਮੁਕਾਬਲਾ ਗਿਣਿਆ ਜਾਂਦਾ ਹੈ।ਇਹ ਮੁਕਾਬਲਾ ‘ਵੱਰਲਡ ਟ੍ਰਾਇਥਲੋਨ ਕਾਰਪੋਰੇਸ਼ਨ’ (ਡਬਲਿਊ.ਟੀ.ਸੀ.) ਵੱਲੋਂ ਹਰ ਸਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਕਰਵਾਇਆ ਜਾਂਦਾ ਹੈ।  ਇਸ ਤਿੰਨ-ਪੜਾਵੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੱਭ ਤੋਂ ਪਹਿਲਾਂ 2.4 ਮੀਲ (3.9 ਕਿਲੋਮੀਟਰ) ਤੈਰਨਾ ਹੁੰਦਾ ਹੈ, ਫਿਰ ਦੂਸਰੇ ਪੜਾਅ ਵਿੱਚ 112 ਮੀਲ (180.2 ਕਿਲੋਮੀਟਰ) ਬਾਈਸਾਈਕਲ ਚਲਾਉਣਾ ਹੁੰਦਾ ਹੈ ਅਤੇ ਤੀਸਰੇ ਅਖ਼ੀਰਲੇ ਪੜਾਅ ਵਿੱਚ 26.2 ਮੀਲ (42.2 ਕਿਲੋਮੀਟਰ), ਭਾਵ ‘ਫੁੱਲ-ਮੈਰਾਥਨ’ ਜਿੰਨਾ ਦੌੜਨਾ ਹੁੰਦਾ ਹੈ। ਇਸ ਮੁਕਾਬਲੇ ਦੇ ਤਿੰਨੇ ਪੜਾਅ ਹੀ ਆਪਣੇ ਆਪ ‘ਚ ਕਾਫ਼ੀ ਮੁਸ਼ਕਲ ਹਨ ਅਤੇ ਇਹ ਨਿਰਧਾਰਤ ਸਮੇਂ 16 ਤੋਂ 17 ਘੰਟਿਆਂ ਦੇ ਵਿੱਚ-ਵਿੱਚ ਪਾਰ ਕਰਨੇ ਹੁੰਦੇ ਹਨ।ਇਹ ਮੁਕਾਬਲਾ ਅਸਲ ਵਿੱਚ ਤਾਂ ਸੋਲਾਂ ਘੰਟਿਆਂ ਵਿੱਚ ਹੀ ਪੂਰਾ ਕਰਨਾ ਹੁੰਦਾ ਹੈ।ਸਤਾਰ੍ਹਵਾਂ ਘੰਟਾ ਤਾਂ ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਆਪਣੇ ਗਿੱਲੇ ਸਵਿੰਮਿੰਗ-ਸੂਟ ਬਦਲਣ ਅਤੇ ਉਸ ਜਗ੍ਹਾ ਤੋ ਥੋੜ੍ਹੀ ਦੂਰੀ ‘ਤੇ ਚੈੱਸਟ ਨੰਬਰ(ਬਿਬ ਨੰਬਰ ) ਅਨੁਸਾਰ ਪਾਰਕਿੰਗ ਵਿੱਚ ਤਰਤੀਬਵਾਰ ਲਗਾਏਗਏ ਆਪੋ-ਆਪਣੇ ਸਾਈਕਲ ਲੈਣ ਅਤੇ ਸਾਈਕਲਿੰਗ ਦਾ ਦੌਰ ਸਮਾਪਤ ਹੋਣ ਤੋਂ ਬਾਅਦ ਮੁੜ ਉੱਥੇ ਹੀ ਪਾਰਕ ਕਰਨ ਲਈ ਦਿੱਤਾ ਜਾਂਦਾ ਹੈ।ਤੈਰਨ ਵਾਲਾ ਪਹਿਲਾ ਪੜਾਅ 2 ਘੰਟੇ 20 ਮਿੰਟ ਵਿਚ ਪੂਰਾ ਕਰਨਾ ਪੈਂਦਾ ਹੈ ਅਤੇ ਇਸ ਨੂੰ ਇਸ ਸਮੇਂ ਵਿੱਚ ਪੂਰਾ ਕਰਨ ਵਾਲੇ ਮੁਕਾਬਲੇਬਾਜ਼ ਹੀ ਬਾਈਸਾਈਕਲ ਚਲਾਉਣ ਵਾਲੇਦੂਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ। ਏਸੇ ਤਰ੍ਹਾਂ ਇਹ ਦੂਸਰਾ ਦੌਰ 10 ਘੰਟੇ ਤੋਂ 10 ਘੰਟੇ 30 ਮਿੰਟਾਂ ਵਿਚਕਾਰ ਪੂਰਾ ਕਰਨ ਵਾਲੇ ਹੀ ਮੈਰਾਥਨ ਦੌੜ ਵਾਲੇ ਤੀਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ।

  

ਵੇਖਿਆ ਜਾਏ ਤਾਂ ਇਸ ਮੁਕਾਬਲੇ ਇਹ ਤਿੰਨੇ ਪੜਾਅ ਹੀ ਕਿੰਨੇ ਕਠਨ ਹਨ ਅਤੇ ਆਮ ਮਨੁੱਖ ਤਾਂ ਇਨ੍ਹਾਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਬਰੈਂਪਟਨ ਦੇ ਵਸਨੀਕ 64 ਸਾਲਾ ਨੌਜੁਆਨ ਹਰਜੀਤ ਸਿੰਘ ਉਰਫ਼ ‘ਹੈਰੀ’ ਨੇ ਇਹ ਤਿੰਨੇ ਹੀ ਪੜਾਅ 16 ਘੰਟਿਆਂਦੇ ਨਿਰਧਾਰਤ ਸਮੇਂ ਵਿਚ ਪਾਰ ਕਰ ਲਏ। ਹਰਜੀਤ ਸਿੰਘ ‘ਹੈਰੀ’ ਨੂੰ ਇੱਥੇ ‘ਨੌਜੁਆਨ’ ਮੈਂ ਇਸ ਲਈ ਕਿਹਾ ਹੈ, ਕਿਉਂਕਿਉਸ ਦੇ ਵੱਲੋਂ ਇਹ ਸਖ਼ਤ ਮੁਕਾਬਲਾ ਜਿੱਤਣ ਦਾ ‘ਕਾਰਨਾਮਾ’ ਨੌਜੁਆਨਾਂ ਨਾਲੋਂ ਵੀ ਵੱਧ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 2023 ਵਿਚ ਉਸ ਨੇ ਜਨੀਵਾ (ਨਿਊਯਾਰਕ)ਵਿਖੇ ਹੋਏ ‘ਹਾਫ਼ ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈ ਕੇ “ਹਾਫ਼ ਆਇਰਨਮੈਨ”, ਭਾਵ “ਅੱਧਾ ਲੋਹ-ਪੁਰਸ਼” ਦਾ ਖ਼ਿਤਾਬ ਹਾਸਲ ਕੀਤਾ ਸੀ ਅਤੇ ਹੁਣ ਇਸ ਸਾਲ ਇਹ ਮੁਕਾਬਲਾ ਜਿੱਤ ਕੇ ਉਹ ਇਸ ਈਵੈਂਟ ਦੇ ਪ੍ਰਬੰਧਕਾਂ ਵੱਲੋਂ “ਪੂਰਨ ਲੋਹ-ਪੁਰਸ਼” ਕਰਾਰ ਦਿੱਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਹਾਫ਼ ਆਇਰਨਮੈਨ’ ਮੁਕਾਬਲੇ ਵਿਚ ਇਹ ਤਿੰਨੇ ਈਵੈਂਟ ਇਸ ਤੋਂ ‘ਅੱਧੇ’ ਹੁੰਦੇ ਹਨ, ਭਾਵ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ1.2 ਮੀਲ ਤੈਰਾਕੀ ਤੋਂ ਬਾਅਦ56 ਮੀਲ ਸਾਈਕਲਿੰਗ ਕਰਨੀ ਹੁੰਦੀ ਹੈ ਅਤੇ ਫਿਰ13.1 ਮੀਲ ਦੌੜਨਾ ਹੁੰਦਾ ਹੈ।

  

ਇਹ ਈਵੈਂਟ ਕਰਵਾਉਣ ਵਾਲੇ ਮੁੱਢਲੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਦੋਹਾਂ ਮੁਕਾਬਲਿਆਂ ਵਿੱਚ ਆਉਂਦਾ‘ਆਇਰਨਮੈਨ’ ਸ਼ਬਦ ਵੀ ਬੜਾ ਸੋਚ-ਵਿਚਾਰ ਕੇ ਰੱਖਿਆ ਗਿਆ ਹੋਵੇਗਾ, ਕਿਉਂਕਿ ਇਨ੍ਹਾਂ ਵਿੱਚ ਹਿੱਸਾ ਲੈਣ ਲਈ ਮੁਕਾਬਲੇ-ਬਾਜ਼ਾਂ ਨੂੰ ਆਪਣੇ ਸਰੀਰ ਨੂੰ ਲੋਹੇ ਵਰਗਾ ਸਖ਼ਤ ਬਨਾਉਣਾ ਪੈਂਦਾ ਹੈ।ਇਸ ਕਠਨਮੁਕਾਬਲੇ ਨੂੰ ਆਯੋਜਿਤ ਕਰਨ ਦਾ ਵਿਚਾਰ 1977 ਵਿੱਚ “ਓ’ਆਹੂ ਪੈਰੀਮੀਟਰ ਰੀਲੇਅ” ਦੇ ਇਨਾਮ-ਵੰਡ ਸਮਾਗ਼ਮ ਵਿਚ ਸਾਹਮਣੇ ਆਇਆ ਅਤੇ ਇਸ ਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਸ਼ਹਿਰ ‘ਹਵਾਈ’ ਵਿਖੇ 1978 ਵਿਚ ਕਰਵਾਇਆ ਗਿਆ। ਸ਼ੁਰੂ-ਸ਼ੁਰੂ ਵਿਚ ਇਸ ਮੁਕਾਬਲੇ ਵਿਚ ਤੈਰਾਕੀ ਅਤੇ ਸਾਈਕਲਿੰਗ ਦੇ ਦੋ ਹੀ ਈਵੈਂਟ ਰੱਖੇ ਗਏ ਸਨ ਅਤੇਉਨ੍ਹਾਂ ਵਿੱਚ ਜ਼ਿਆਦਾਤਰਸਾਈਕਲਿਸਟ ਹੀ ਇਸ ਵਿਚ ਹਿੱਸਾ ਲੈਂਦੇ ਸਨ। 1981 ਵਿਚ ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਵਿਚ ਲੰਮੀ ਦੌੜ ਨੂੰ ਵੀਸ਼ਾਮਲ ਕਰ ਲਿਆ ਗਿਆ ਅਤੇ ਫਿਰ ਲੰਮੀ ਦੌੜ ਦੇ ਦੌੜਾਕਾਂ ਨੇ ਵੀ ਇਸ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ।

ਆਓ, ਇਸ ਸਖ਼ਤ ਮੁਕਾਬਲੇਦੇ ਜੇਤੂ ਨੌਜੁਆਨ ਹਰਜੀਤ ਸਿੰਘ ਵੱਲੋਂ ਇਸ ਵਿਚ ਭਾਗ ਲੈਣ ਬਾਰੇ ਅਤੇ ਉਸ ਦੇ ਆਪਣੇ ਬਾਰੇਕੁੱਝਹੋਰ ਵੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।

ਹਰਜੀਤ ਸਿੰਘ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਕਸਬੇ ਬੱਸੀ ਪਠਾਣਾਂ ਦਾ ਜੰਮ-ਪਲ ਹੈ। ਉਸ ਦੇ ਪੁਰਖ਼ੇ ਲਾਇਲਪੁਰ ਜ਼ਿਲੇ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 34 ਦੇ ਵਸਨੀਕ ਸਨ ਜਿਨ੍ਹਾਂ ਨੂੰ 1947 ਦੀ ਭਾਰਤ-ਪਾਕਿਸਤਾਨ ਦੀ ਦਰਦਨਾਕ ‘ਵੰਡ’ ਤੋਂ ਬਾਅਦ ਬੱਸੀ ਪਠਾਣਾਂ ਆ ਕੇ ਮੁਕਾਮ ਕਰਨਾ ਪਿਆ। ਹਰਜੀਤ ਸਿੰਘ ਦਾ ਜਨਮ ਇੱਥੇ 23 ਫ਼ਰਵਰੀ 1960 ਨੂੰ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਸ. ਰਣਜੀਤ ਸਿੰਘ ਤੇ ਮਾਤਾ ਜੀ ਦਾ ਸਰਦਾਰਨੀ ਹਰਮੀਤ ਕੌਰ ਕੌਰ ਹੈ। ਦਸਵੀਂ ਤੱਕ ਪੜ੍ਹਾਈ ਉਸ ਨੇ ਬੱਸੀ ਪਠਾਣਾਂ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਬੀ.ਏ. ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਕੀਤੀ। ਐੱਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਿੰਗੂਇਸਟਿਕਸ ਵਿਸ਼ੇ ਵਿਚ ਕੀਤੀ। ਦੋ ਸਾਲ ਭੋਪਾਲ (ਮੱਧ ਪ੍ਰਦੇਸ਼) ਵਿਚ ਐੱਲ.ਐੱਲ.ਬੀ. ਵਿੱਚ ਵੀ ਲਾਏ ਅਤੇ ਤੀਸਰੇ ਸਾਲ ਵਕਾਲਤ ਦਾ ਇਹ ਡਿਗਰੀ ਕੋਰਸ ਵਿਚਾਲੇ ਹੀ ਛੱਡ ਕੇ ਵਿਆਹ ਕਰਵਾ ਕੇ ਉਹਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆ।

ਕੈਨੇਡਾ ਆ ਕੇਉਸ ਨੇ ਆਪਣਾ ਅਗਲੇਰਾਜੀਵਨ ਟੈਕਸੀ ਡਰਾਈਵਿੰਗ ਤੋਂ ਆਰੰਭ ਕੀਤਾ। ਬਰੈਂਪਟਨ ਵਿੱਚ ਤਿੰਨ ਕੁ ਸਾਲ ਟੈਕਸੀ ਚਲਾਉਣ ਤੋਂ ਬਾਅਦਟਰੱਕ ਡਰਾਈਵਰ ਬਣਕੇ ਅਮਰੀਕਾ ਤੇ ਮੈਕਸੀਕੋ ਦੇ ਵੱਖ-ਵੱਖ ਸ਼ਹਿਰਾਂ ਦੇ ਲੰਮੇਂ ਗੇੜੇ ਲਾਏ। ਟਰੱਕ ਡਰਾਇਵਰੀ ਕਰਦਿਆਂ ਉਸਦਾ ਭਾਰ ਜਦੋਂ ਸਵਾ ਕਵਿੰਟਲ ਤੋਂ ਉੱਪਰ ਜਾ ਪਹੁੰਚਾ ਤਾਂ ਇਸ ਨੂੰ ਘੱਟ ਕਰਨ ਦੇ ਉਦੇਸ਼ ਨਾਲਟਰੱਕ ਡਰਾਈਵਰੀ ਛੱਡ ਕੇ 1995 ਵਿੱਚ ‘ਏਅਰਪੋਰਟ ਟੈਕਸੀ’ ਵਿੱਚ ਡਰਾਈਵਰ ਬਣ ਗਿਆ ਅਤੇ ਨੇਮ ਨਾਲ ਜਿੰਮ ਜਾਣ ਲੱਗਾ।ਅੱਠਾਂ-ਨੌਆਂ ਮਹੀਨਿਆਂ ਵਿਚ ਹੀ ਉਸਨੇ ਆਪਣੇ ਭਾਰ ਨੂੰ ‘ਨਾਰਮਲ’ ਕਰ ਲਿਆ, ਕਿਉਂਕਿ ਪੰਜਾਬ ਵਿਚ ਸਕੂਲ, ਕਾਲਜ ਤੇ ਯੂਨੀਵਰਸਿਟੀ ਪੜ੍ਹਦਿਆਂ ਉਹ ਹਾਕੀ, ਫੁੱਟਬਾਲ ਤੇ ਹੈਂਡਬਾਲ ਖੇਡਦਾ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਵਧੇ ਹੋਏਇਸ ਭਾਰ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।  ਫਿਰ ਕੀ ਸੀ, ਦੌੜਨਾ, ਭੱਜਣਾ ਤੇ ਜਿੰਮ ਜਾਣਾ ਉਸਦੀ ਪੱਕੀ ਰੁਟੀਨ ਬਣ ਗਈ।

ਇਸ ਦੌਰਾਨ 2011-12 ਵਿਚ ਉਸ ਦਾ ਮੇਲ਼ ਸੰਧੂਰਾ ਸਿੰਘ ਬਰਾੜ ਨਾਲ ਹੋਇਆਜੋ ਆਪਣੇ ਕੁਝ ਸਾਥੀਆਂ ਨਾਲ ਹਰ ਸਾਲ ਟੋਰਾਂਟੋਦੇ ਅਸਮਾਨ ਛੋਂਹਦੇ ‘ਸੀ.ਐੱਨ.ਟਾਵਰ’ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ 2012 ਤੇ 2013 ਵਿਚ ਦੋ ਵਾਰ ਇਹ ਪੌੜੀਆਂ ਚੜ੍ਹੀਆਂ।

ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਬਰੈਂਪਟਨ ਵਿੱਚ ਸਰਗ਼ਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਨਾਲ ਹਰਜੀਤ ਸਿੰਘ 2013 ਵਿੱਚ ਜੁੜਿਆ। 2014 ਵਿਚ ਇਸ ਕਲੱਬ ਦੇ ਮੈਂਬਰਾਂ ਨਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਵੱਲੋਂ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸਦੌੜ’ ਵਿਚ ਹਾਫ਼-ਮੈਰਾਥਨ ਵਿਚ ਹਿੱਸਾ ਲੈਣ ਦਾ ਪ੍ਰੋਗਰਾਮ ਸੀ ਜਿਸ ਦੇ ਲਈ ਸਵੇਰੇ ਤੜਕੇ ਤਿੰਨ ਵਜੇ ਡਿਕਸੀ ਗੁਰੂਘਰ ਤੋਂ ਹੋਰ ਸਾਥੀਆਂ ਦੇ ਨਾਲ ਸਕੂਲ ਬੱਸ ਵਿਚ ਸਵਾਰ ਹੋ ਕੇ ਵੈੱਸਟਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਸੀ, ਜਦ ਕਿ ਫੁੱਲ-ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੇ ਉਸ ਤੋਂ ਬਾਅਦ ਵਿਚ ਉੱਥੋਂ ਇੱਕ ਵੈਨ ਵਿੱਚ ਜਾਣਾ ਸੀ। ਬੱਸ ਵਿਚ ਜਾਣ ਦੀ ਬਜਾਏ ਹਰਜੀਤ ਸਿੰਘਵੈਨ ਵਿਚ ਸਵਾਰ ਹੋ ਗਿਆ ਅਤੇ ਉਸ ਵਿਚ ਬੈਠੇ ਮੈਰਾਥਨ ਦੌੜਾਕਾਂ ਦੇ ਨਾਲ ਹਾਫ਼-ਮੈਰਾਥਨ ਦੀ ਥਾਂ ਉਸ ਨੇ ਇਹ ‘ਫੁੱਲ-ਮੈਰਾਥਨ’ ਹੀ ਲਾ ਲਈ।

2020 ਵਿਚ ‘ਕੋਵਿਡ-19’ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਉਸਨੇ ਤਿੰਨ ‘ਇੰਸਪੀਰੇਸ਼ਨਲ ਸਟੈਪਸ ਮੈਰਾਥਨਾਂ’ ਲਾਈਆਂ ਅਤੇ ਇੱਕ ‘ਟੋਰਾਂਟੋ ਮੈਰਾਥਨ’ਵੀ ਲਗਾਈ। ਛੇ ਹਾਫ਼-ਮੈਰਾਥਨਾਂ ਵਿਚ ਭਾਗ ਲਿਆ ਜਿਨ੍ਹਾਂ ਵਿੱਚ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਵਿੱਚ ਚਾਰ ਵਾਰ ਅਤੇ‘ਬਰਲਿੰਗਟਨ ਚਿੱਲੀ ਮੈਰਾਥਨ’ ਵਿੱਚ ਦੋ ਵਾਰ ਜਾਣਾ ਸ਼ਾਮਲ ਹੈ।ਇਨ੍ਹਾਂ ਤੋਂ ਇਲਾਵਾ ਉਸ ਨੇ ਹੈਮਿਲਟਨ ਸ਼ਹਿਰ ਵਿੱਚ ਹੋਣ ਵਾਲੀ ਮਸ਼ਹੂਰ 30 ਕਿਲੋਮੀਟਰ ਦੌੜ ‘ਹੈਮਿਲਟਨ ਮੈਰਾਥਨ’ ਵਿਚ ਵੀ ਇਕ ਵਾਰ ਹਿੱਸਾ ਲਿਆ। ਪੰਜ ਤੇ 10 ਕਿਲੋਮੀਟਰ ਦੌੜਾਂ ਵਿਚ ਸ਼ਾਮਲ ਹੋਣ ਬਾਰੇ ਉਸ ਨੂੰ ਯਾਦ ਨਹੀਂ ਹੈ ਕਿ ਇਹ ਕਿੰਨੀਆਂ ਕੁ ਲਗਾਈਆਂ ਗਈਆਂ ਹੋਣਗੀਆਂ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2018 ਵਿਚ ਬਰੈਂਪਟਨ ਦੇ ‘ਸਕੁਏਟਰ ਗਰੁੱਪ’ ਨਾਲ ਕਾਓਬਰਗ ਤੋਂ ਨਿਆਗਰਾ ਫ਼ਾਲ ਤੱਕ ਉਸਨੇ ਲੱਗਭੱਗ 300 ਕਿਲੋਮੀਟਰ ‘ਰੀਲੇਅ ਰੇਸ’ ਵੀ ਲਗਾਈ।

ਦੌੜਾਂ ਵਿਚ ਭਾਗ ਲੈਣ ਦੇ ਨਾਲ਼ ਨਾਲ਼ ਹਰਜੀਤ ਸਿੰਘ ਦੇ ਮਨ ਵਿੱਚ ਕੁਝ ਵੱਖਰਾ ਕਰਨ ਦੀ ਇੱਛਾ ਸੀ ਅਤੇ ਇਸ ਦੇ ਲਈ ਉਸਨੇ ‘ਹਾਫ਼-ਆਇਰਨਮੈਨ’ਮੁਕਾਬਲੇ ਵਿੱਚ ਭਾਗ ਲੈਣ ਲਈ ਸਾਈਕਲਿੰਗ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਾਈਕਲਿੰਗ ਵਿੱਚ ਸਾਥ ਦੇਣ ਵਾਲੇ ਉਸ ਦੇ ਸਾਥੀ ਕੁਲਦੀਪ ਗਰੇਵਾਲ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਸੁਖਦੇਵ ਸਿੱਧਵਾਂ, ਕੇਸਰ ਬੜੈਚ ਅਤੇ ‘ਟੋਰਾਂਟੋ ਟਰੱਕ ਸਕੂਲ’ ਵਾਲੇ ਮਰਹੂਮ ਜੱਸੀ ਵੜੈਚ ਸਨ।ਹਰਜੀਤ ਅਤੇ ਕੁਲਦੀਪਤੋਂ ਬਿਨਾਂ ਬਾਕੀ ਦੇ ਸਾਰੇ ‘ਸ਼ੁਗਲੀਏ ਸਾਈਕਲਿਸਟ’ ਹੀ ਸਨ ਪਰ ਉਨ੍ਹਾਂ ਸਾਰਿਆਂ ਨੇ ਕੈਲੇਡਨ ਟਰੇਲ ਤੋਂ ਲੈ ਕੇ ਨਿਆਗਰਾ ਫ਼ਾਲ, ਮਿਸੀਸਾਗਾ ਤੋਂ ਗੁਅੱਲਫ਼ ਅਤੇ ਹੈਮਿਲਟਨ ਤੋਂ ਫੋਰਟ ਡੌਵਰ ਤੱਕ ਦੇ ਸਾਈਕਲਿੰਗ ਦੇ ਲੰਮੇਂ-ਲੰਮੇਂ ਰੂਟਾਂ ਤੱਕ ਉਸ ਦਾਪੂਰਾ ਸਾਥ ਦਿੱਤਾ। ਸਾਈਕਲਿੰਗ ਦੀ ਪ੍ਰੈਕਟਿਸ ਅਤੇ ਹਾਫ਼-ਆਇਰਨਮੈਨ ਮੁਕਾਬਲੇ ਦੀ ਤਿਆਰੀ ਲਈ ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਨੂੰ ਕਰਮਜੀਤ ਸਿੰਘ ਕੋਚ ਨੇ ਵਧੀਆ ਗਾਈਡ ਕੀਤਾ ਅਤੇ ਇਸ ਦੇ ਲਈਉਸਨੇ ‘ਪ੍ਰੋਫ਼ੈਸ਼ਨਲ ਟ੍ਰਾਇਥਲਨ ਕੋਚ’ ਵੀ ਲੱਭ ਕੇ ਦਿੱਤਾ।ਦੋਹਾਂ ਨੇ ਇਸ ਮੁਕਾਬਲੇ ਦੀ ਤਿਆਰੀ ਆਰੰਭ ਲਈ ਅਤੇ 2022 ਦੇ ਮੁਕਾਬਲੇ ਲਈ ਆਪਣੇ ਨਾਂ ਰਜਿਸਟਰ ਕਰਵਾ ਲਏ ਪਰ ਅਚਾਨਕ ਐਕਸੀਡੈਂਟ ਹੋ ਜਾਣ ਕਾਰਨ ਹਰਜੀਤ ਸਿੰਘ ਉਸ ਸਾਲ ਇਸ ਮੁਕਾਬਲੇ ਵਿਚ ਸ਼ਾਮਲ ਨਾ ਹੋ ਸਕਿਆ। ਉਸ ਨੇ 2023 ਵਿੱਚ ਅਮਰੀਕਾ ਦੇ ਸ਼ਹਿਰ ‘ਜਨੀਵਾ’ (ਨਿਊਯਾਰਕ  ਦੇ ਨੇੜੇ) ਵਿਚ ਸਫ਼ਲਤਾ ਪੂਰਵਕ ‘ਹਾਫ਼-ਆਇਰਨਮੈਨ’ ਦਾ ਖ਼ਿਤਾਬ ਹਾਸਲ ਕੀਤਾ।2024 ਵਿੱਚ ਉਸ ਨੇ ‘ਫੁੱਲ ਆਇਰਨਮੈਨ ਮੁਕਾਬਲੇ’ ਦੀ ਤਿਆਰੀ ਆਰੰਭ ਲਈ ਅਤੇ ਸਖ਼ਤ ਮਿਹਨਤ ਕਰਕੇ ਅਮਰੀਕਾ ਸ਼ਹਿਰ ਸੈਕਰਾਮੈਂਟੋ ਵਿਚ 23 ਅਕਤੂਬਰ ਨੂੰ ਇਸ ਮੁਕਾਬਲੇ ਵਿਚ ਭਾਗ ਲੈ ਕੇ ‘ਫੁੱਲਆਇਰਨਮੈਨ’ ਬਣਨ ਦੇ ਆਪਣੇ ਨਿਸ਼ਾਨੇ ਦੀ ਪੂਰਤੀ ਕੀਤੀ।

ਇਸ ਆਰਟੀਕਲ ਦੇ ਲੇਖਕ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਉਸ ਨੂੰ ਕਈ ਨਵੀਆਂ ਗੱਲਾਂ ਦਾ ਪਤਾ ਚੱਲਿਆ ਹੈ, ਜਿਵੇਂ ਕਿ ਇਸ ਵਿਚ ਸਾਈਕਲਿੰਗ ਈਵੈਂਟ ਲਈ ਚੰਗੇ ਸਟੈਂਡਰਡ ਦੇ ਵਧੀਆ ਸਾਈਕਲ ਦੀ ਲੋੜ ਹੈ। ਉਸਦਾ ਕਹਿਣਾ ਸੀ ਕਿ ਉਸਕੋਲ 500 ਡਾਲਰ ਵਾਲਾ ਸਧਾਰਨ ਜਿਹਾ ਬਾਈਸਾਈਕਲ ਹੀ ਸੀ ਜਦ ਕਿ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਕੋਲ ਬੜੇ ਵਧੀਆ ਕਿਸਮ ਦੇ ਰੇਸਰ-ਬਾਈਸਾਈਕਲ ਸਨ ਜਿਨ੍ਹਾਂ ਦੀ ਕੀਮਤ ਮਾਰਕੀਟ ਵਿੱਚ 3000 ਡਾਲਰ ਤੋਂ ਲੈ ਕੇ ਦਸ-ਪੰਦਰਾਂ ਹਜ਼ਾਰ ਡਾਲਰ ਤੱਕ ਹੈ। ਇਹ ਕੀਮਤੀ ਸਾਈਕਲ ਕਈ ਕਈ ਗੇਅਰਾਂ ਵਾਲੇ ਹਨ ਅਤੇ ਉਨ੍ਹਾਂ ਦੇ ਇਹ ਗੇਅਰ ਚੱਲਦਿਆਂ-ਚੱਲਦਿਆਂ ਹੀ ਬੜੇ ਆਸਾਨੀ ਨਾਲ ਬਦਲੇ ਜਾ ਸਕਦੇ ਹਨ।

ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸਦੇਸਾਈਕਲਦਾ ਇੱਕ ਰਿਫਲੈੱਕਟਰ ਕਿਧਰੇ ਡਿੱਗ ਗਿਆ ਅਤੇ ਉਹ ਇਹ ਨਵਾਂ ਲਗਵਾਉਣਾ ਚਾਹੁੰਦਾ ਸੀ। ਮੁਕਾਬਲੇ ਵਿੱਚ ਭਾਗ ਲੈਣਵਾਲੇ ਸਾਥੀਆਂ ਨੇ ਉਸ ਨੂੰ ਬਚਿਆ ਹੋਇਆਉਹ ਇੱਕ ਰਿਫ਼ਲੈੱਕਰ, ਘੰਟੀ ਤੇ ਇੱਕ ਦੋ ਹੋਰ ਵਾਧੂ ‘ਪੁਰਜ਼ੇ’ਲਾਹੁਣ ਦਾਮਸ਼ਵਰਾ ਦਿੱਤਾ, ਕਿਉਂਕਿਉਨ੍ਹਾਂ ਅਨੁਸਾਰ ਇਨ੍ਹਾਂ ਦਾ ਭਾਰ ਡੇਢ-ਦੋ ਪੌਂਡ ਤਾਂ ਬਣਦਾ ਹੀ ਹੋਵੇਗਾ ਜੋ 180 ਕਿਲੋਮੀਟਰਨਾਲ ਲੈ ਕੇ ਚੱਲਣਾ ਪੈਣਾ ਸੀ। ਇਸ ਤਰ੍ਹਾਂ ਸਾਈਕਲ ਦੇ ਇਹ ਸਾਰੇਵਾਧੂ ਪੁਰਜ਼ੇਉਤਾਰ ਦਿੱਤੇ ਗਏ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਸਿਰ ‘ਤੇ 13 ਡਾਲਰਾਂ ਵਾਲੀ ਟੋਪੀ ਸਾਹਮਣਿਉਂ ਪੈਂਦੀ ਹਵਾ ਨਾਲ ਉੱਡਣ-ਉੱਡਣ ਕਰਦੀ ਸੀ ਜਿਸ ਨੂੰ ਕਈ ਵਾਰ ਇੱਕ ਹੱਥ ਨਾਲ ਫੜ੍ਹਨਾ ਪੈਂਦਾ ਸੀ। ਬਾਕੀ ਪ੍ਰੋਫ਼ੈਸ਼ਨਲਾਂਨੇ ਬੜੀਆਂ ਵਧੀਆ ਟੋਪੀਆਂ ਪਹਿਨੀਆਂ ਹੋਈਆਂ ਜਿਨ੍ਹਾਂ ਦੇ ਹਵਾ ਨਾਲ ਉੱਡਣ ਦਾ ਕੋਈ ਖ਼ਤਰਾ ਨਹੀਂ ਸੀ। ਸਾਈਕਲਿੰਗ ਕਰਦੇ ਸਮੇਂ ਇਕ ਪਾਸੇ ਜਾਂਦਿਆਂ ਸਾਹਮਣੇ ਪਾਸਿਉਂ ਹਵਾ ਸਿੱਧੀ ਪੈਂਦੀ ਸੀ ਅਤੇ ਉੱਥੇ ਬਹੁਤ ਜ਼ੋਰ ਲੱਗਦਾ ਸੀ।

ਸਾਈਕਲਿੰਗ ਵਾਲਾ ਦੂਸਰਾ ਪੜਾਅ ਪੂਰਾ ਕਰਨ ਤੋਂ ਬਾਅਦ ਇੱਕ ਵਾਰ ਤਾਂ ਉਸ ਨੂੰ ਲੱਗਿਆ ਕਿ ਉਸਦੇ ਕੋਲੋਂ ਅੱਗੋਂ 42 ਕਿਲੋਮੀਟਰ ਦੌੜਿਆ ਨਹੀਂ ਜਾ ਸਕੇਗਾ ਅਤੇ ਇਹ ਮੁਕਾਬਲਾ ਵਿਚਾਲੇ ਹੀ ਛੱਡਣ ਦਾ ਖ਼ਿਆਲ ਵੀ ਉਸਦੇ ਮਨ ਵਿੱਚ ਆਇਆ ਪਰ ਫਿਰ ਹੋਰ ਦੌੜਾਕਾਂਨੂੰ ਦੌੜਦਿਆਂ ਵੇਖ ਕੇ ਇਹ ਸੋਚਦਿਆਂ ਹੌਸਲਾ ਫੜ੍ਹ ਲਿਆ, “ਮਨਾਂ ਦੋ ਵੱਡੇ ‘ਮਰਹਲੇ’ ਤਾਂ 10 ਘੰਟਿਆਂ ਵਿਚ ਪਾਰ ਕਰ ਲਏ ਆ, ਤੇ ਹੁਣ ਇਹ ਇੱਕ ਪੜਾਅ ਹੀ ਤਾਂ ਬਾਕੀ ਰਹਿ ਗਿਆ ਏ। ...ਤੇਮੇਰੇ ਕੋਲ ਅਜੇ ਛੇ ਘੰਟੇ ਬਾਕੀਪਏ ਆ, ਇਹ ਪੂਰਾ ਕਰਨ ਲਈ।“ ਬੱਸ, ਇਹੋ ਸੋਚ ਕੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ।

ਅੱਧਾ ਕੁ ਪੈਂਡਾ (20-21 ਕਿਲੋਮੀਟਰ) ਮੁੱਕਿਆ ਹੋਵੇਗਾ ਕਿ ਦੌੜਦਿਆਂ-ਦੌੜਦਿਆਂ ਰਸਤੇ ਵਿਚ ਇੱਕ ਗੋਰਾ ਦੌੜਾਕ ਮਗਰੋਂ ਆ ਕੇ ਹਰਜੀਤ ਨੂੰ ਪੁੱਛਣ ਲੱਗਾ, “ਡੂ ਯੂ ਹੈਵ ਸਾਲਟ-ਪਿੱਲਜ਼ ਵਿੱਦ ਯੂ?” 

“ਯੈੱਸ” ਕਹਿੰਦਿਆਂ ਹਰਜੀਤ ਨੇ ਮਿਨਰਲਜ਼ ਵਾਲੀਆਂ 4-5 ‘ਸਾਲਟ-ਪਿੱਲਜ਼’ (ਮਿਨਰਲਜ਼ ਗੋਲ਼ੀਆਂ) ਜਦੋਂ ਉਸਨੂੰ ਫੜਾਈਆਂ ਤਾਂ ਉਸ ਦਾ ਧੰਨਵਾਦ ਕਰਦਿਆਂ ਉਹ ਹਰਜੀਤ ਦੇ ਨਾਲ਼ ਨਾਲ਼ ਦੌੜਨ ਲੱਗਿਆ ਅਤੇਇੱਕ ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਹ ਦੋਵੇਂ ‘ਫਿਨਿਸ਼਼-ਪੁਆਇੰਟ’ ‘ਤੇ ਪਹੁੰਚ ਗਏ।ਉੱਥੇ ਪਹੁੰਚਣ ’ਤੇ ਪ੍ਰਬੰਧਕਾਂ ਵੱਲੋਂਬੁਲੰਦ ਆਵਾਜ਼ ਵਿਚ ਵਾਰੀ-ਵਾਰੀ ਉਨ੍ਹਾਂ ਦਾ ਨਾਂ ਲੈ ਕੇ “ਯੂ ਆਰ ਆਇਰਨਮੈਨ” ਕਹਿ ਕੇ ਸੁਆਗ਼ਤ ਕੀਤਾ ਗਿਆ। ਹਰਜੀਤ ਸਿੰਘ ਦੇ ਦੱਸਣ ਅਨੁਸਾਰ ਇਹਉਨ੍ਹਾਂ ਦੇ ਲਈ ਬੜਾ ਹੀ ਰੌਚਕ ਨਜ਼ਾਰਾ ਸੀ ਜਿੱਥੇ ਉਨ੍ਹਾਂ ਨੂੰ ਇਸ ਮੁਕਾਬਲੇ ਦਾ ਆਪਣਾ ਨਿਸ਼ਾਨਾ ਪੂਰਾ ਹੋਇਆ ਸਾਹਮਣੇ ਨਜ਼ਰ ਆ ਰਿਹਾ ਸੀ।

ਹਰਜੀਤ ਅਨੁਸਾਰ ਇਸ ਮੁਕਾਬਲੇ ਵਿਚ 3,000 ਤੋਂ 3,500 ਦੇ ਵਿਚਕਾਰ ਮੁਕਾਬਲੇ-ਬਾਜ਼ਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ 2000 ਦੇ ਲੱਗਭੱਗ ਇਸ ਵਿੱਚੋਂ ਜ਼ਰੂਰ ਸਫ਼ਲ ਹੋਏਹੋਣਗੇ। ਉਸ ਨੇ ਦੱਸਿਆ ਕਿ ਉਸ ਦੇ ਨਾਲ ਬਰੈਂਪਟਨ ਤੋਂ ਤਿੰਨ ਹੋਰ ਮੁਕਾਬਲੇਬਾਜ਼ ਜਗਰੂਪ ਬੱਲ, ਪ੍ਰਭਜਿੰਦਰ ਹੇਅਰ ਅਤੇ ਮਹਿਤਾਬ ਬੋਪਾਰਾਏ ਸਨ ਅਤੇ ਉਹ ਵੀ ਤਿੰਨੇ ‘ਆਇਰਨਮੈਨ’ ਦਾ ਖ਼ਿਤਾਬ ਲੈ ਕੇ ਆਏ ਹਨ।

ਇਸ ਸ਼ਾਨਦਾਰ ਕਾਮਯਾਬੀ ਲਈ ਪਰਿਵਾਰ ਵੱਲੋਂ ਮਿਲੇ ਸਹਿਯੋਗ ਬਾਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਕਿ ਪਰਿਵਾਰਕ ਸਹਿਯੋਗ ਤੋਂ ਬਗ਼ੈਰ ਤਾਂ ਇਹ ਸੰਭਵ ਹੀ ਨਹੀਂ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਉਸ ਨੂੰ ਹਰ ਕਿਸਮ ਦਾ ਸਹਿਯੋਗ ਮਿਲਦਾ ਹੈ ਅਤੇ ਇਸ ਮੁਕਾਬਲੇ ਲਈ ਵੀ ਉਸਦਾ ਬੇਟਾ ਰਾਜਪ੍ਰੀਤ ਸਿੰਘ ਉਸ ਦੇ ਨਾਲ ਸੈਕਰਾਮੈਂਟੋ ਗਿਆ ਸੀ। ਪਤਨੀ ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਖਾਣੇ ਤਿਆਰ ਕਰਕੇ ਪਰੋਸਦੀ ਸੀ। ਪਰਿਵਾਰ ਵਿਚ ਖੇਡਾਂ ਦੇ ਸ਼ੌਕ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਮਾਣ ਵਾਲੀ ਗੱਲਹੈ ਕਿ 1947 ਵਿਚ ਹੋਈ ‘ਵੰਡ’ ਤੋਂ ਬਾਅਦਪਰਿਵਾਰ ਦੇ ਪੰਜਾਬ ਵਿਚ ਆਉਣ ਦੇ ਸਮੇਂ ਤੋਂ ਲੈ ਕੇ 1970 ਤੱਕ ਉਨ੍ਹਾਂ ਦਾ ‘ਸਾਂਝਾ ਪਰਿਵਾਰ’ ਸੀ ਜਿਸ ਵਿਚ ਪਰਿਵਾਰ ਦੇ 60-70 ਮੈਂਬਰ ਸਨ ਅਤੇ ਉਨ੍ਹਾਂ ਵਿੱਚੋਂ ਅੱਧੇ, ਭਾਵ 30-40 ਆਪਣੇ ਸਮੇਂ ਚੰਗੇ ਖਿਡਾਰੀ ਰਹੇ ਹਨ ਜੋ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂਹਾਕੀ, ਫੁੱਟਬਾਲ, ਹੈਂਡਬਾਲ ਅਤੇ ਸ਼ੂਟਿੰਗ ਵਿੱਚ ਡਿਸਟ੍ਰਿਕਟ/ਇੰਟਰ-ਡਿਸਟ੍ਰਿਕਟ/ਇੰਟਰ-ਵਰਸਿਟੀਅਤੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ।

ਖ਼ੁਰਾਕ ਬਾਰੇ ਪੁੱਛਣ ‘ਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਘਰ ਦੀ ਬਣੀ ਹੋਈ ਸਾਦਾ ਖ਼ੁਰਾਕ ਖਾਂਦਾ ਹੈ ਜਿਸ ਵਿਚ ਸਬਜ਼ੀਆਂ, ਦਾਲਾਂ, ਚਾਵਲ, ਫ਼ੁਲਕੇ, ਆਦਿ ਸ਼ਾਮਲ ਹੁੰਦੇ ਹਨ। ਹਫ਼ਤੇ ਵਿਚ ਦੋ-ਤਿੰਨ ਵਾਰ ਉਹ ਚਿੱਕਨ, ਗੋਟ ਮੀਟ ਤੇ ਮੱਛੀ ਵੀ ਖਾਂਦਾ ਹੈ ਅਤੇ ਇਹ ਉਸ ਦੇ ਲਈ ਖਾਣਾ ਜ਼ਰੂਰੀ ਵੀ ਹੈਪਰਉਹ ‘ਦਾਰੂ’ ਦੇ ਨੇੜੇ ਨਹੀਂ ਜਾਂਦਾ।ਉਹ ਬਹੁਤ ਘੱਟ ਬੋਲਦਾ ਹੈ ਅਤੇ ਆਪਣੀ ਗੱਲ ਬਹੁਤ ਸੰਖੇਪ ਵਿੱਚ ਕਰਦਾ ਹੈ। ਸ਼ਾਇਦ ਇਹ ਵੀ ਸੋਚਦਾ ਹੋਵੇ ਕਿ ਬਹੁਤਾ ਬੋਲਣ ਨਾਲ ਸਰੀਰਕ ਊਰਜਾ ਜ਼ਾਇਆਹੁੰਦੀ ਹੈ ਜਿਸ ਨੂੰ ਉਹ ਅਗਲੇ ਸਖ਼ਤ ਮੁਕਾਬਲਿਆਂ ਲਈ ਸਾਂਭ ਕੇ ਰੱਖਣਾ ਚਾਹੁੰਦਾ ਹੈ ਜਿਨ੍ਹਾਂ ਵਿੱਚ ਉਹ ਭਵਿੱਖ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ। ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨ੍ਹਾਂ ਵਿਚਲਾ ਆਪਣਾ ਸਮਾਂ ਘਟਾਉਣਾ ਚਾਹੁੰਦਾ ਹੈ। ਅੱਗੋਂ ਹੋਰ ਵੀ ਉਹ ਕਈ ਕੁਝ ਕਰਨਾ ਚਾਹੁੰਦਾ ਪਰ ਉਸ ਦੇ ਬਾਰੇ ਅਜੇ ਦੱਸ ਨਹੀਂ ਰਿਹਾ।

ਅੱਗੇ ਉਸ ਦੀ ਕੀ ਯੋਜਨਾ ਹੈ, ਇਹ ਤਾਂ ਭਵਿੱਖ ਵਿਚ ਸਮਾਂ ਹੀ ਦੱਸੇਗਾ।ਪ੍ਰਮਾਤਮਾ ਉਸ ਨੂੰ ਕਾਮਯਾਬੀ ਬਖ਼ਸ਼ੇ!

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਹੈਨੋਵਰ ਪਬਲਿਕ ਸਕੂਲ ਵਿੱਚ ਪੁੱਤਰ ਨਾਲ ਹੋਈ ਕੁੱਟਮਾਰ ਕਾਰਨ ਬਰੈਂਪਟਨ ਦਾ ਪਰਿਵਾਰ ਆਪਣੇ ਪੁੱਤਰ ਦੀ ਸੁਰੱਖਿਆ ਲਈ ਚਿੰਤ ਓਂਟਾਰੀਓ ਵਿਚ ‘ਅਰਲੀ ਲਰਨਿੰਗ ਤੇ ਚਾਈਲਡ ਕੇਅਰ’ ਤਹਿਤ ਚਾਈਲਡਕੇਅਰ ਫ਼ੀਸ ਘੱਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਵੇਗੀ : ਸੋਨੀਆ ਸਿੱਧੂ ਟਰੰਪ ਦੇ ਟੈਰਿਫ ਨਾਲ ਓਂਟਾਰੀਓ `ਚ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ : ਫੋਰਡ ਟੋਰਾਂਟੋ ਸਟਾਫ ਨੇ ਸਿਟੀ ਬਿਲਡਿੰਗ ਲੇਵੀ ਸਮੇਤ 6.9 ਫ਼ੀਸਦੀ ਟੈਕਸ ਵਾਧੇ ਦਾ ਰੱਖਿਆ ਪ੍ਰਸਤਾਵ ਟੋਰਾਂਟੋ ਪੁਲਿਸ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਈ ਨਵੀਂ ਟੋਅ-ਟਰੱਕ ਟਾਸਕ ਫੋਰਸ ਹਾਦਸੇ ਦੌਰਾਨ 13 ਸਾਲਾ ਸਾਈਕਲ ਚਾਲਕ ਦੀ ਮੌਤ ਦੇ ਮਾਮਲੇ `ਚ ਅਜਾਕਸ ਦੀ ਔਰਤ `ਤੇ ਲੱਗੇ ਚਾਰਜਿਜ਼ ਨਵੇਂ ਸਾਲ ਦੇ ਸਵਾਗਤ ਦੀ ਖੁਸ਼ੀ ਵਿਚ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ਕਰਵਾਇਆ ਵੁਡਬਾਈਨ ਬੀਚ ਨੇੜੇ ਕਿਊਬਕ ਦੇ ਵਿਅਕਤੀ ਦੇ ਕਤਲ ਦੇ ਮਾਮਲੇ `ਚ 3 ਲੋਕਾਂ `ਤੇ ਚਾਰਜਿਜ਼ ਨਾਰਥ ਯਾਰਕ ਵਿੱਚ ਚਾਕੂ ਦੇ ਹਮਲੇ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਟਰੰਪ ਦੇ ਟੈਰਿਫ ਖਤਰੇ ਦੇ ਚਲਦੇ ਓਂਟਾਰੀਓ ਨੇ ਸਰਹੱਦ ਮਜ਼ਬੂਤ ਕਰਨ ਦੀ ਮੁਹਿੰਮ ਕੀਤੀ ਸ਼ੁਰੂ