ਬੈਰੀ, 10 ਅਕਤੂਬਰ (ਪੋਸਟ ਬਿਊਰੋ): ਪ੍ਰੋਵਿਨਸ਼ੀਅਲ ਪੁਲਿਸ ਅਮਰਨਾਥ ਟਾਊਨਸ਼ਿਪ ਵਿੱਚ ਇੱਕ ਹਥਿਆਰਬੰਦ ਡਕੈਤੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਡਫਰਿਨ ਓਪੀਪੀ ਅਧਿਕਾਰੀਆਂ ਨੂੰ ਸੋਮਵਾਰ ਰਾਤ ਕਰੀਬ 11:40 ਵਜੇ ਕਾਊਂਟੀ ਰੋਡ 109 `ਤੇ ਬੁਲਾਇਆ ਗਿਆ। ਫਾਇਰਆਰਮਜ਼ ਨਾਲ ਲੈਸ ਇੱਕ ਸ਼ੱਕੀ ਗੈਸ ਸਟੇਸ਼ਨ ਵਿੱਚ ਦਾਖਲ ਹੋ ਗਿਆ।
ਪੁਲਿਸ ਅਨੁਸਾਰ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਨੂੰ ਗੰਭੀਰ ਸੱਟ ਕਾਰਨ ਟਰਾਮਾ ਸੈਂਟਰ ਵਿੱਚ ਲਿਜਾਣਾ ਪਿਆ। ਪੀੜਤ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਜਖ਼ਮੀ ਵਿਅਕਤੀ ਗਾਹਕ ਸੀ ਜਾਂ ਸਟੋਰ ਕਲਰਕ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਨੀਲਾ ਸਰਜੀਕਲ ਮਾਸਕ, ਫਰ-ਲਾਈਡ ਵਾਲਾ ਹੁਡ ਵਾਲਾ ਲੰਬਾ ਕਾਲ਼ਾ ਕੋਟ, ਕਾਲੀ ਪੈਂਟ, ਕਾਲੇ ਜੁੱਤੇ ਅਤੇ ਕਾਲੇ ਦਸਤਾਨੇ ਪਹਿਨੇ ਸਨ। ਉਹ ਘਟਨਾ ਸਥਾਨ ਤੋਂ ਭੱਜ ਗਿਆ। ਜਾਣਕਾਰੀ ਅਨੁਸਾਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।