ਕੈਲਗਰੀ, 9 ਅਕਤੂਬਰ (ਪੋਸਟ ਬਿਊਰੋ): ਏਅਰਡਰੀ ਨਿਵਾਸੀ `ਤੇ ਕਈ ਚਾਰਜਿਜ਼ ਲੱਗੇ ਹਨ, ਕਿਉਂਕਿ ਪੁਲਿਸ ਨੇ ਦੱਸਿਆ ਕਿ ਉਸ ਨੂੰ ਕਈ ਚੋਰੀ ਦੀਆਂ ਗੱਡੀਆਂ ਦੇ ਨਾਲ ਫੜ੍ਹਿਆ ਗਿਆ ਹੈ।
ਏਅਰਡਰੀ ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ ਅਲਬਰਟਾ ਲਾਅ ਇੰਫੋਰਸਮੈਂਟ ਰਿਸਪੋਂਸ ਟੀਮਾਂ ਨੇ 28 ਅਗਸਤ ਨੂੰ 26 ਸਾਲਾ ਬਰੂਕਸ ਸਟੇਲਾ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਪਹਿਲੀ ਵਾਰ 2023 ਵਿੱਚ ਕੈਲਗਰੀ ਦੀ ਅੰਤਰਰਾਸ਼ਟਰੀ ਮੋਟਰ ਕਾਰਾਂ ਦੀ ਜਾਂਚ ਸ਼ੁਰੂ ਕੀਤੀ। ਇਸ ਗਰਮੀ ਵਿਚ ਪੁਲਿਸ ਨੇ ਕੈਲਗਰੀ ਅਤੇ ਏਅਰਡਰੀ ਵਿੱਚ ਤਿੰਨ ਸਥਾਨਾਂ `ਤੇ ਸਰਚ ਵਾਰੰਟ ਜਾਰੀ ਕੀਤੇ, ਜਿਸ ਵਿੱਚ ਬਿਜ਼ਨੈੱਸ ਦੀਆਂ ਦੋ ਡੀਲਰਸ਼ਿਪ ਸ਼ਾਮਿਲ ਸਨ।
ਉਨ੍ਹਾਂ ਛਾਪਿਆਂ ਦੌਰਾਨ ਪੁਲਿਸ ਨੇ ਤਿੰਨ ਵਾਹਨ ਬਰਾਮਦ ਕੀਤੇ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰੀ ਕੀਤੇ ਗਏ ਸਨ ਅਤੇ ਉਨ੍ਹਾਂ `ਤੇ ਫਰਜ਼ੀ ਵਾਹਨ ਨੰਬਰ ਸਨ।
RCMP ਨੇ ਕਿਹਾ ਕਿ ਇਹ ਵਾਹਨ ਡੀਲਰਸ਼ਿਪ ਦੇ ਮਾਧਿਅਮ ਨਾਲ ਵੇਚੇ ਗਏ ਸਨ ਜਾਂ ਵਿਕਰੀ ਲਈ ਵਿਗਿਆਪਿਤ ਕੀਤੇ ਗਏ ਸਨ। ਨਾਲ ਹੀ ਇੱਕ ਹੋਰ ਵਾਹਨ ਵੀ ਮਿਲਿਆ ਜਿਸਨੂੰ ਅਪਰਾਧ ਦੀ ਕਮਾਈ ਮੰਨਿਆ ਗਿਆ। ਸਟੇਲਾ `ਤੇ ਮਣੀ ਲਾਂਡਰਿੰਗ , ਤਸਕਰੀ ਦੇ ਉਦੇਸ਼ ਨਾਲ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ `ਤੇ ਕਬਜ਼ਾ, 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਧੋਖਾਧੜੀ, ਅਪਰਾਧ ਦੁਆਰਾ ਪ੍ਰਾਪਤ ਜਾਇਦਾਦ `ਤੇ ਕਬਜ਼ਾ, ਤਸਕਰੀ ਅਤੇ ਜਾਲਸਾਜ਼ੀ ਦੇ ਦੋ ਮਾਮਲਿਆਂ ਵਿੱਚ ਚਾਰਜਿਜ਼ ਲਗਾਏ ਗਏ ਹਨ। ਸਟੇਲਾ ਨੂੰ 23 ਅਕਤੂਬਰ ਨੂੰ ਏਅਰਡਰੀ ਵਿੱਚ ਅਲਬਰਟਾ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣ ਦੇ ਵਾਅਦੇ `ਤੇ ਰਿਹਾਅ ਕਰ ਦਿੱਤਾ ਗਿਆ।