ਟੋਰਾਂਟੋ, 6 ਅਕਤੂਬਰ (ਪੋਸਟ ਬਿਊਰੋ): ਵਾਨ ਵਿੱਚ ਸਵੇਰੇ ਵਾਹਨਾਂ ਦੀ ਹੋਈ ਟੱਕਰ ਵਿਚ ਦੋ ਪੈਦਲ ਜਾ ਰਹੇ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਜੇਨ ਸਟਰੀਟ ਅਤੇ ਮੇਜਰ ਮੈਕੇਂਜੀ ਡਰਾਈਵ ਕੋਲ ਸਵੇਰੇ 2 ਵਜੇ ਦੇ ਲਗਭਗ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਦੁਰਘਟਨਾ ਵਿੱਚ ਦੋ ਵਾਹਨ ਸ਼ਾਮਿਲ ਸਨ, ਇਸ ਦੌਰਾਨ ਦੋ ਪੈਦਲ ਜਾ ਰਹੇ ਵਿਅਕਤੀ ਉਨ੍ਹਾਂ ਦੀ ਚਪੇਟ ਵਿਚ ਆ ਗਏ।
ਪੁਲਿਸ ਨੇ ਦੱਸਿਆ ਕਿ ਇੱਕ ਚਾਲਕ ਨੂੰ ਖ਼ਰਾਬ ਡਰਾਈਵਿੰਗ ਲਈ ਮੌਕੇ `ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਫੁਟੇਜ ਵਿੱਚ ਇੱਕ ਵਾਹਨ ਕਾਫ਼ੀ ਨੁਕਸਾਨਿਆ ਗਿਆ ਵਿਖਾਈ ਦੇ ਰਿਹਾ ਹੈ ਅਤੇ ਦੂਜਾ ਵਾਹਨ ਸੜਕ ਤੋਂ ਉਤਰ ਕੇ ਝਾੜੀਆਂ ਵਿੱਚ ਜਾ ਡਿੱਗਿਆ। ਚੁਰਾਸਤੇ `ਤੇ ਮਲਬਾ ਵੀ ਵਿਖਾਈ ਦੇ ਰਿਹਾ ਹੈ। ਪੁਲਿਸ ਅਨੁਸਾਰ ਕਿਸੇ ਵੀ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਹੈ।
ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਉਸਦੀ ਪਹਿਚਾਣ ਬਰੈਡਫੋਰਡ ਨਿਵਾਸੀ 46 ਸਾਲਾ ਅਬਦੁਲ ਲੋਦਿਨ ਦੇ ਰੂਪ ਵਿੱਚ ਹੋਈ ਹੈ। ਪੁਲਿਸ ਵੱਲੋਂ ਘਟਨਾ ਸਥਾਨ `ਤੇ ਜਾਂਚ ਕੀਤੇ ਜਾਣ ਤੱਕ ਜੇਨ ਸਟਰੀਟ ਅਤੇ ਮੇਜਰ ਮੈਕੇਂਜੀ ਡਰਾਈਵ ਦਾ ਚੁਰਾਸਤਾ ਬੰਦ ਕਰ ਦਿੱਤਾ ਹੈ।