ਟੋਰਾਂਟੋ, 20 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਨਾਰਥ ਯਾਰਕ ਵਿੱਚ ਮੰਗਲਵਾਰ ਨੂੰ ਹੋਏ ਦੋਹਰੇ ਕਤਲਕਾਂਡ ਵਿੱਚ ਸ਼ੱਕੀ ਸ਼ੂਟਰਾਂ ਵਿੱਚੋਂ ਇੱਕ ਦੀ ਪਹਿਚਾਣ ਕਰਨ ਵਿੱਚ ਲੋਕਾਂ ਤੋਂ ਮਦਦ ਮੰਗੀ ਹੈ।
ਵੀਰਵਾਰ ਨੂੰ ਇੱਕ ਅਪਡੇਟ ਵਿੱਚ ਪੁਲਿਸ ਨੇ ਉਸ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਜੋ ਉਸ ਘਟਨਾ ਵਿੱਚ ਸ਼ਾਮਿਲ ਸੀ ਜਿਸ ਵਿੱਚ 26 ਸਾਲਾ ਇਬਰਾਹਿਮ ਹੈਂਡਿਊਲ ਅਤੇ 27 ਸਾਲਾ ਡੇਸ਼ਾਨ ਵਾਲਟਰਜ਼ ਦੀ ਜਾਨ ਚਲੀ ਗਈ ਸੀ।
ਡਿਟੇਕਟਿਵ ਸਾਰਜੇਂਟ ਫਿਲਿਪ ਕੈਂਪਬੇਲ ਨੇ ਕਿਹਾ ਕਿ ਤਿੰਨ ਲੋਕਾਂ ਵਿੱਚਕਾਰ ਝਗੜਾ ਹੋਇਆ ਸੀ ਜੋ ਗੋਲੀਬਾਰੀ ਵਿੱਚ ਬਦਲ ਗਿਆ ਅਤੇ ਹੈਂਡਿਊਲ ਅਤੇ ਵਾਲਟਰਜ਼ ਨੂੰ ਗੋਲੀ ਲੱਗੀ।
ਕੈਂਪਬੇਲ ਨੇ ਕਿਹਾ ਕਿ ਇਹ ਜਾਂਚ ਜਾਰੀ ਹੈ ਅਤੇ ਅਸੀਂ ਕੰਮ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਤੀਜਾ ਵਿਅਕਤੀ ਇਬਰਾਹਿਮ ਜਾਂ ਡੇਸ਼ਾਨ ਦੀ ਮੌਤ ਲਈ ਜਿ਼ੰਮੇਵਾਰ ਸੀ ਪਰ ਅਸੀ ਜਾਣਦੇ ਹਾਂ ਕਿ ਉਹ ਸ਼ਾਮਿਲ ਸ਼ੂਟਰਾਂ ਵਿੱਚੋਂ ਇੱਕ ਸੀ।
ਜਿਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਉਸਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਦੱਸੀ ਗਈ ਹੈ, ਉਹ ਛੋਟੇ ਕੱਦ ਵਾਲਾ ਅਤੇ ਦਾੜੀ ਵਾਲਾ ਹੈ।
ਘਟਨਾ ਸਥਾਨ `ਤੇ ਦੋ ਫਾਇਰਆਰਮਜ਼ ਬਰਾਮਦ ਕੀਤੇ ਗਏ ਅਤੇ ਕੈਂਪਬੇਲ ਨੇ ਕਿਹਾ ਕਿ ਦੋਨਾਂ ਦਾ ਇਸਤੇਮਾਲ ਗੋਲੀਬਾਰੀ ਦੌਰਾਨ ਕੀਤਾ ਗਿਆ ਸੀ।